ਸਰਬਜੀਤ ਸਿੰਘ ਭੰਗੂ
ਪਟਿਆਲਾ,1 ਨਵੰਬਰ
ਇੱਥੇ ਟੋਏ ’ਚ ਦੱਬੇ ਸਿਰਫ਼ ਇਕ ਦਿਨ ਪਹਿਲਾਂ ਹੀ ਜੰਮੇ ਬੱਚੇ ਨੂੰ ਕੁੱਤਿਆਂ ਨੇ ਨੋਚ ਖਾਧਾ। ਕੁੱਤਿਆਂ ਤੋਂ ਇਸ ਬੱਚੇ ਦੀ ਲਾਸ਼ ਲੋਕਾਂ ਨੇ ਬੜੀ ਹੀ ਮੁਸ਼ਕਲ ਨਾਲ ਛੁਡਵਾਈ, ਜੋ ਬਾਅਦ ’ਚ ਪੁਲੀਸ ਦੇ ਹਵਾਲੇ ਕਰ ਦਿੱਤੀ ਗਈ।
ਇਹ ਘਟਨਾ ਇੱਥੇ ਸਥਿਤ ਛੋਟੀ ਨਦੀ ਦੇ ਨੇੜੇ ਵਾਪਰੀ। ਪ੍ਰਤੱਖ ਦਰਸ਼ੀਆਂ ਨੇ ਵੇਖਿਆ ਕਿ ਕੁੱਤਿਆਂ ਦਾ ਇਕ ਝੁੰਡ ਬੱਚੇ ਦੀ ਲਾਸ਼ ਨੂੰ ਨੋਚਦਾ ਹੋਇਆ ਏਧਰ ਓਧਰ ਭੱਜਿਆ ਫਿਰ ਰਿਹਾ ਸੀ। ਜਦੋਂ ਰਾਹਗੀਰਾਂ ਨੂੰ ਪਤਾ ਲੱਗਾ ਕਿ ਕੁੱਤੇ ਬੱਚੇ ਦੀ ਲਾਸ਼ ਚੁੱਕੀਂ ਫਿਰਦੇ ਹਨ,ਤਾਂ ਲੋਕਾਂ ਨੇ ਬੜੀ ਮੁਸ਼ਕਲ ਨਾਲ਼ ਇਹ ਲਾਸ਼ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੁਡਵਾਈ ਅਤੇ ਨਾਲ਼ ਹੀ ਪੁਲੀਸ ਨੂੰ ਇਤਲਾਹ ਦਿੱਤੀ।
ਇਸ ’ਤੇ ਥਾਣਾ ਕੋਤਵਾਲੀ ਪਟਿਆਲਾ ਦੇ ਐੱਸ.ਐੱਚ.ਓ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਦੀ ਅਗਵਾਈ ਹੇਠ ਪੁੱਜੀ ਪੁਲੀਸ ਟੀਮ ਨੇ ਸਮੁੱਚੇ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਸਲ ’ਚ ਕਿਸੇ ਨੇ ਇਸ ਬੱਚੇ ਦੀ ਲਾਸ਼ ਨੂੰ ਟੋਆ ਪੁੱਟ ਕੇ ਦੱਬਿਆ ਹੋਇਆ ਸੀ ਪਰ ਟੋਆ ਬਹੁਤਾ ਡੂੰਘਾ ਨਾ ਹੋਣ ਕਾਰਨ ਇਸ ਦੀ ਭਿਣਕ ਕੁੱਤਿਆਂ ਨੂੰ ਲੱਗ ਗਈ ਜਿਨ੍ਹਾਂ ਨੇ ਟੋਆ ਪੁੱਟ ਲਿਆ ਅਤੇ ਵਿੱਚੋਂ ਬੱਚੇ ਦੀ ਲਾਸ਼ ਕੱਢ ਲਈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲੀਸ ਨੇ ਬਣਦੀ ਦਸਤਾਵੇਜ਼ੀ ਮਗਰੋਂ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪਹੁੰਚਾ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਭਾਵੇਂ ਇਸ ਸਬੰਧੀ ਅਜੇ ਮੁਕੰਮਲ ਜਾਂਚ ਪੜਤਾਲ਼ ਕੀਤੀ ਜਾਣੀ ਹੈ ਪਰ ਮੁਢਲੀ ਤਫਤੀਸ਼ ’ਚ ਇਹ ਮਾਮਲਾ ਕਿਸੇ ਅਣਵਿਆਹੀ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਜਾਪ ਰਿਹਾ ਹੈ। ਇੰਸਪੈਕਟਰ ਚੀਮਾ ਨੇ ਦੱਸਿਆ ਕਿ ਇਸ ਸਬੰਧੀ ਬੱਚੇ ਦੀ ਮਾਂ ਵਜੋਂ ਅਣਪਛਾਤੀ ਮਹਿਲਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਨਿਯਮਾਂ ਤਹਿਤ ਇਹ ਲਾਸ਼ ਸ਼ਨਾਖਤ ਲਈ 72 ਘੰਟੇ ਮੁਰਦਾਘਰ ’ਚ ਰੱਖੀ ਜਾਵੇਗੀ। ਇਸੇ ਦੌਰਾਨ ਘਟਨਾ ਦੀ ਇਤਲਾਹ ਮਿਲਣ ’ਤੇ ਡੀਐਸਪੀ ਸਿਟੀ 1 ਹੇਮੰਤ ਸ਼ਰਮਾ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ।