ਗੁਰਨਾਮ ਸਿੰਘ ਚੌਹਾਨ/ਸ਼ਹਬਿਾਜ਼ ਸਿੰਘ
ਪਾਤੜਾਂ/ਘੱਗਾ, 2 ਮਈ
ਪਿੰਡ ਦੇਧਨਾਂ ਦੇ ਪਿਛਲੇ ਹਫ਼ਤੇ ਤੋਂ ਘਰੋਂ ਗਾਇਬ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਖਨੌਰੀ ਨੇੜਿਉਂ ਮਿਲੀ ਹੈ। ਘੱਗਾ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਮ੍ਰਿਤਕ ਦੀ ਪਤਨੀ ਤੇ ਉਸ ਦੇ ਕਥਿਤ ਪ੍ਰੇਮੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਪੁਲੀਸ ਨੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ।
ਜਾਂਚ ਅਫ਼ਸਰ ਕੁਲੰਵਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਵਾਸੀ ਪਿੰਡ ਦੇਧਨਾਂ ਨੇ ਥਾਣਾ ਘੱਗਾ ਵਿੱਚ ਲਿਖਵਾਈ ਰਿਪੋਰਟ ਵਿੱਚ ਦੱਸਿਆ ਹੈ ਕਿ ਉਸ ਦੇ ਭਰਾ ਜਗਸੀਰ ਸਿੰਘ ਜੋ 27 ਅਪਰੈਲ ਤੋਂ ਘਰੋਂ ਗਾਇਬ ਸੀ, ਉਸ ਦੀ ਲਾਸ਼ ਐਤਵਾਰ ਨੂੰ ਖਨੌਰੀ ਸ਼ਹਿਰ ਕੋਲੋਂ ਨਹਿਰ ਵਿੱਚੋਂ ਮਿਲੀ ਹੈ। ਜਗਸੀਰ ਸਿੰਘ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਦੇ ਗੁਰਪਿਆਰ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਬਣ ਗਏ ਸਨ। ਇਸ ਮਗਰੋਂ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਬਿਨਾਂ ਦੱਸੇ ਘਰੋਂ ਚਲਾ ਗਿਆ।
ਪੜਤਾਲੀਆ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਪੂਰੀ ਪੜਤਾਲ ਮਗਰੋਂ ਗੁਰਪਿਆਰ ਸਿੰਘ ਵਾਸੀ ਦੇਧਨਾਂ ਤੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਖਿਲਾਫ਼ ਮਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।