ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਭੇਤਭਰੀ ਹਾਲਤ ’ਚ ਲਾਪਤਾ ਮੁਟਿਆਰ ਦੀ ਲਾਸ਼ ਅੱਜ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਸੋਹਣੀ ਬੋਸ ਨਾਮ ਦੀ ਇਹ ਮੁਟਿਆਰ ਪਟਿਆਲਾ ਵਿਚਲੇ ਹੀ ਵਿੱਦਿਅਕ ਅਦਾਰੇ ’ਚ ਪੜ੍ਹਦੀ ਸੀ ਅਤੇ ਪੱਛਮੀ ਬੰਗਾਲ ਨਾਲ ਸਬੰਧਤ ਸੀ। ਉਹ 2 ਮਈ ਤੋਂ ਭੇਤਭਰੀ ਹਾਲਤ ’ਚ ਲਾਪਤਾ ਸੀ। ਉਂਜ ਉਸੇ ਦਿਨ ਤੋਂ ਲਾਪਤਾ ਇਸੇ ਹੀ ਅਦਾਰੇ ਨਾਲ਼ ਸਬੰਧਤ ਸਹਿਜ ਸਿੰਘ ਨਾਮੀ ਨੌਜਵਾਨ ਦੀ ਅਜੇ ਵੀ ਤਲਾਸ਼ ਜਾਰੀ ਹੈ। ਉਸ ਦੀ ਇਨੋਵਾ ਗੱਡੀ 2 ਮਈ ਨੂੰ ਇੱਥੇ ਸੰਗਰੂਰ ਰੋਡ ’ਤੇ ਸਥਿਤ ਭਾਖੜਾ ਦੀ ਪਟੜੀ ਤੋਂ ਮਿਲੀ ਸੀ। ਇਹ ਨੌਜਵਾਨ ਇੱਕ ਪੀਸੀਐਸ ਅਧਿਕਾਰੀ ਦਾ ਲੜਕਾ ਹੈ। ਸੰਪਰਕ ਕਰਨ ’ਤੇ ਥਾਣਾ ਪਸਿਆਣਾ ਦੇ ਐੱਸ.ਐੱਚ.ਓ ਅੰਕੁਰਦੀਪ ਸਿੰਘ ਨੇ ਉਕਤ ਲੜਕੀ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ।