ਪੱਤਰ ਪ੍ਰੇਰਕ
ਰਾਜਪੁਰਾ, 15 ਅਪਰੈਲ
ਸਿਟੀ ਤੇ ਰੇਲਵੇ ਪੁਲੀਸ ਨੇ ਦੋ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆ ਹਨ। ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੁਰਾਣਾ ਬੱਸ ਸਟੈਂਡ ਨੇੜਲੇ ਸਾਈਕਲ ਸਟੈਂਡ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। 30 ਕੁ ਸਾਲ ਦੇ ਮੋਨੇ ਇਸ ਵਿਅਕਤੀ ਨੇ ਫੌਜੀ ਰੰਗ ਦੀ ਟੀਸ਼ਰਟ ਤੇ ਕਾਲੀ ਲੋਅਰ ਪਹਿਨੀ ਹੋਈ ਹੈ। ਉਸ ਦੀ ਸੱਜੀ ਬਾਹ ’ਤੇ ਐਲ.ਐਮ ਉਕਰਿਆ ਹੋਇਆ ਹੈ ਤੇ ਸੱਜੇ ਕੰਨ ਵਿੱਚ ਮੁਰਕੀ ਪਹਿਨੀ ਹੋਈ ਹੈ। ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਸੇ ਤਰ੍ਹਾਂ ਰੇਲਵੇ ਪੁਲੀਸ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਰੇਲਵੇ ਪੁਲੀਸ ਨੂੰ ਰਾਜਪੁਰਾ ਤੇ ਸ਼ੰਭੂ ਦਰਮਿਆਨ ਰੇਲਵੇ ਲਾਈਨ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੇ ਅਸਮਾਨੀ ਰੰਗ ਦੀ ਕਮੀਜ਼ ਤੇ ਕਾਲੀ ਪੈਂਟ ਪਹਿਨੀ ਹੋਈ ਹੈ। 45 ਕੁ ਸਾਲ ਦਾ ਮੋਨਾ ਇਹ ਵਿਅਕਤੀ ਕੋਈ ਪਰਵਾਸੀ ਮਜ਼ਦੂਰ ਜਾਪਦਾ ਹੈ। ਇਸ ਦੀ ਮੌਤ ਚਲਦੀ ਰੇਲ ਗੱਡੀ ਵਿੱਚੋਂ ਡਿੱਗਣ ਕਾਰਨ ਹੋਈ। ਪੁਲੀਸ ਨੇ ਦੋਵਾਂ ਲਾਸ਼ਾਂ ਨੂੰ ਸ਼ਨਾਖਤ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।