ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਮਾਰਚ
ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਭਾਰੀ ਬਹੁਮਤ ਨਾਲ਼ ਸੱਤਾ ’ਚ ਆਈ ਆਮ ਆਦਮੀ ਪਾਰਟੀ ਨੇ ਜਿਥੇ ਵਿਧਾਇਕਾਂ ਦੀ ਵੱਡੀ ਗਿਣਤੀ ਪੱਖੋਂ ਰਿਕਾਰਡ ਸਥਾਪਤ ਕੀਤਾ ਹੈ, ਉੱਥੇ ਹੀ ਕਈ ਹੋਰ ਰਿਕਾਰਡ ਵੀ ਇਸ ਧਿਰ ਦੇ ਨਾਮ ਹੋਏ ਹਨ। ਜੇਕਰ ਜੇਤੂ ਲੀਡ ਦੀ ਗੱਲ ਕਰੀਏ, ਤਾਂ ਨਵੇਂ ਬਣੇ ਸਮੂਹ 117 ਵਿਧਾਇਕਾਂ ਵਿੱਚੋਂ ਸਭ ਤੋਂ ਵੱਧ/ਵੱਡੀ ਲੀਡ ਹਲਕਾ ਸੁਨਾਮ ਤੋਂ ਜਿੱਤੇ ‘ਆਪ’ ਦੇ ਅਮਨ ਅਰੋੜਾ ਦੀ ਹੈ। ਉਨ੍ਹਾਂ ਨੇ 94794 ਵੋਟਾਂ ਹਾਸਲ ਕਰਕੇ 75277 ਵੋਟਾਂ ਦੀ ਲੀਡ ਦੇ ਨਾਲ਼ ਚੋਣ ਜਿੱਤੀ। ਇਹ ਚੋਣ ਉਨ੍ਹਾਂ ਨੇ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ ਹਰਾ ਦੇ ਜਿੱਤੀ ਹੈ। ਇਸ ਤਰ੍ਹਾਂ ਇਹ ਆਪਣੇ ਆਪ ’ਚ ਵੱਡੀ ਲੀਡ ਦਾ ਇਕ ਵੱਡਾ ਰਿਕਾਰਡ ਹੈ। ਅਨੇਕਾਂ ਉਮੀਦਵਾਰ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਮਨ ਅਰੋੜਾ ਦੀ ਲੀਡ ਜਿੰਨੀਆਂ ਵੋਟਾਂ ਵੀ ਪ੍ਰਾਪਤ ਨਹੀਂ ਹੋਈਆਂ। ਇਸ ਤਰ੍ਹਾਂ ਅਮਨ ਅਰੋੜਾ ਲੀਡ ਦੇ ਪੱਖ ਤੋਂ ਅੱਵਲ ਹਨ।
ਲੀਡ ਪੱੱਖੋਂ ਦੂਜੇ ਸਥਾਨ ’ਤੇ ਬਰਨਾਲ਼ਾ ਤੋਂ ਦੂਜੀ ਵਾਰ ਵਿਧਾਇਕ ਬਣੇ ਮੀਤ ਹੇਅਰ ਹਨ ਜਿਨ੍ਹਾਂ ਦੀ ਲੀਡ 64,800 ਹੈ। ਇਸ ਮਗਰੋਂ ਮਾਨਸਾ ਤੋਂ ਵਿਧਾਇਕ ਬਣੇ ਡਾ. ਵਿਜੈ ਸਿੰਗਲਾ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲ਼ਾ ਕੋਲ਼ੋਂ 63,323 ਵੋਟਾਂ ਦੀ ਲੀਡ ਨਾਲ਼ ਜਿੱਤ ਹਾਸਲ ਕੀਤੀ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਲੀਡ ਦੇ ਪੱਖ ਤੋਂ ਚੌਥੇ ਨੰਬਰ ’ਤੇ ਹਨ। ਉਨ੍ਹਾਂ ਨੇ 82592 ਵੋਟਾਂ ਪ੍ਰਾਪਤ ਕਰਕੇ 58206 ਵੋਟਾਂ ਦੇ ਫਰਕ ਨਾਲ਼ ਚੋਣ ਜਿੱਤੀ ਹੈ। 57644 ਵੋਟਾਂ ਦੀ ਲੀਡ ਪਾ ਕੇ ਗਿੱਲ ਹਲਕੇ ਤੋਂ ‘ਆਪ’ ਦੇ ਜੀਵਨ ਸਿੰਘ ਸੰਗੋਵਾਲ਼ ਪੰਜਵੇਂ ਨੰਬਰ ’ਤੇ ਆਏ ਹਨ। ਉਨ੍ਹਾਂ ਨੇ ਵੋਟਾਂ 92696 ਲਈਆਂ ਹਨ। ਮਹਿਲ ਕਲਾਂ ਤੋਂ ‘ਆਪ’ ਦੇ ਕੁਲਵੰਤ ਸਿੰਘ ਪੰਡੋਰੀ ਦੀ ਲੀਡ 53714 ਵੋਟਾਂ ਦੀ ਰਹੀ ਜਿਸ ਤਹਿਤ ਉਨ੍ਹਾਂ ਦਾ ਛੇਵਾਂ ਨੰਬਰ ਰਿਹਾ ਜਦਕਿ ਪਟਿਆਲਾ ਦਿਹਾਤੀ ਹਲਕੇ ਤੋਂ ਡਾ. ਬਲਬੀਰ ਸਿੰਘ 53,474 ਵੋਟਾਂ ਦੀ ਲੀਡ ਲੈ ਕੇ ਇਸ ਪੱਖ ਤੋਂ ਪੰਜਾਬ ਭਰ ਵਿੱਚੋਂ ਸੱਤਵੇਂ ਨੰਬਰ ’ਤੇ ਆਏ ਹਨ। ਨਾਭਾ ਹਲਕੇ ਦੇ ਦੇਵ ਮਾਨ ਨੇ ਵੀ 52,600 ਵੋਟਾਂ ਦੀ ਲੀਡ ਨਾਲ਼ ਇਹ ਚੋਣ ਜਿੱੱਤੀ ਹੈ ਤੇ ਉਹ ਅੱਠਵੇਂ ਨੰਬਰ ’ਤੇ ਹਨ। ਨੌਵਾਂ ਨੰਬਰ ਬੁਢਲਾਡੇ ਦੇ ਪ੍ਰਿੰਸੀਪਲ ਬੁੱਧ ਰਾਮ ਦਾ ਹੈ, ਜਿਨ੍ਹਾਂ ਨੇ 51691 ਵੋਟਾਂ ਦੀ ਲੀਡ ਹਾਸਲ ਕੀਤੀ ਹੈ। ਦਸਵੇਂ ਨੰਬਰ ’ਤੇ ਪਟਿਆਲਾ ਦੇ ਸ਼ੁਤਰਾਣਾ ਹਲਕੇ ਤੋਂ ਜਿੱਤੇ ਆਪ ਦੇ ਕੁਲਵੰਤ ਸਿੰਘ ਬਾਜ਼ੀਗਰ ਰਹੇ, ਜਿਸ ਨੂੰ 51554 ਵੋਟਾਂ ਦੀ ਲੀਡ ਪ੍ਰਾਪਤ ਹੋਈ ਹੈ। ਪਿਛਲੀ ਵਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਐਤਕੀ ਦਿੜ੍ਹਬਾ ਤੋਂ ਦੂਜੀ ਵਾਰ ‘ਆਪ’ ਦੇ ਵਿਧਾਇਕ ਬਣੇ ਹਰਪਾਲ ਸਿੰਘ ਚੀਮਾ 50655 ਵੋਟਾਂ ਦੀ ਲੀਡ ਲੈ ਕੇ ਗਿਆਰਵੇਂ ਸਥਾਨ ’ਤੇ ਰਹੇ ਹਨ।