ਸੁਭਾਸ਼ ਚੰਦਰ
ਸਮਾਣਾ, 19 ਅਪਰੈਲ
ਸਥਾਨਕ ਸਰਾਫ਼ਾ ਬਾਜ਼ਾਰ ਦੀ ਇਕ ਦੁਕਾਨ ਵਿੱਚ ਅੱਜ ਡਾਂਗਾਂ ਤੇ ਰਾਡਾਂ ਨਾਲ ਲੈਸ ਹੋ ਕੇ ਪਹੁੰਚੇ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਇਕ ਸੁਨਿਆਰੇ ਦੀ ਦੁਕਾਨ ਵਿਚ ਭੰਨ੍ਹਤੋੜ ਕੀਤੇ ਜਾਣ ਤੋਂ ਇਲਾਵਾ ਦੁਕਾਨ ਵਿੱਚ ਮੌਜੂਦ ਮਾਲਕ ਭਰਾਵਾਂ ਨੂੰ ਦੁਕਾਨ ਦੇ ਅੰਦਰ ਹੀ ਬੰਦ ਕਰ ਕੇ ਬਾਹਰੋਂ ਜਿੰਦਰਾ ਲਗਾ ਦਿੱਤਾ ਗਿਆ। ਥਾਣਾ ਸਿਟੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੁਕਾਨ ਦਾ ਜਿੰਦਰਾ ਖੁੱਲ੍ਹਵਾਇਆ ਤੇ ਦੋਹਾਂ ਭਰਾਵਾਂ ਨੂੰ ਬਾਹਰ ਕੱਢਿਆ।
ਸਰਾਫ਼ਾ ਬਾਜ਼ਾਰ ’ਚ ਸਥਿਤ ਐੱਫ.ਸੀ. ਜਿਊਲਰਜ਼ ਨਾਂ ਦੇ ਦੁਕਾਨ ਦੇ ਮਾਲਕ ਸਤੀਸ਼ ਵਰਮਾ ਤੇ ਰਾਜੇਸ਼ ਵਰਮਾ ਅਤੇ ਬਾਜ਼ਾਰ ਦੇ ਹੋਰ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਡਾਂਗਾਂ ਤੇ ਰਾਡਾਂ ਨਾਲ ਲੈਸ ਹੋ ਕੇ ਕਰੀਬ ਆਏ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਦੁਕਾਨ ਵਿਚ ਕਾਊਂਟਰ ਦੀ ਭੰਨ੍ਹਤੋੜ ਕੀਤੀ, ਜਿਸ ਤੋਂ ਬਾਅਦ ਦੁਕਾਨ ਵਿੱਚ ਪਏ ਲੱਖਾਂ ਰੁਪਏ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਗਾਇਬ ਪਾਏ ਗਏ। ਹਮਲਾਵਰ ਉਨ੍ਹਾਂ ਨੂੰ ਦੁਕਾਨ ਵਿੱਚ ਹੀ ਬੰਦ ਕਰ ਕੇ ਬਾਹਰੋਂ ਸ਼ਟਰ ਨੂੰ ਜਿੰਦਰਾ ਲਗਾ ਕੇ ਚਲੇ ਗਏ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਲਾਲੀ ਰਾਮ ਨੇ ਦੱਸਿਆ ਕਿ ਕੁਝ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।