ਪੱਤਰ ਪ੍ਰੇਰਕ
ਘਨੌਰ, 16 ਸਤੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਉਜਾੜਾ ਰੋਕਣ ਲਈ 24 ਸਤੰਬਰ ਨੂੰ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਨੂੰ ਘੇਰਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਵਰਕਰਾਂ ਦੀ ਹਲਕਾ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਪੰਜਾਬ ਖੇਤਰ ਵਿੱਚ ਸੜਕਾਂ ਉਸਾਰਨ ਲਈ ਕਿਸਾਨਾਂ ਦੀ ਜ਼ਮੀਨ ਨੂੰ ਕੋਡੀਆਂ ਦੇ ਭਾਅ ਐਕੁਆਇਰ ਕਰਕੇ ਕਿਸਾਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨਾਂ ਦਾ ਕੁਲੈਕਟਰ ਰੇਟ ਘਟਾ ਦੇਣ ਕਾਰਨ ਕੇਂਦਰ ਵੱਲੋਂ ਕਿਸਾਨਾਂ ਦੀ ਜ਼ਮੀਨ ਕੋਡੀਆਂ ਦੇ ਭਾਅ ਹਥਿਆਈ ਜਾ ਰਹੀ ਹੈ। ਕਿਸਾਨਾਂ ਦੀ ਲੁੱਟ ਰੋਕਣ ਲਈ ਅਕਾਲੀ ਦਲ ਵੱਲੋਂ 24 ਸਤੰਬਰ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸਰਕਲ ਪ੍ਰਧਾਨ ਲਾਲ ਸਿੰਘ ਮਰਦਾਂਪੁਰ, ਕਮਲਦੀਪ ਸਿੰਘ ਢੰਡਾ, ਦੀਦਾਰ ਸਿੰਘ ਖੇੜੀ ਗੁਰਨਾ, ਨਰਦੇਵ ਸਿੰਘ ਆਕੜੀ, ਧਰਮ ਸਿੰਘ ਰਾਮ ਨਗਰ ਸੈਣੀਆਂ ਮੌਜੂਦ ਸਨ।
ਟਿਕਟ ਮਿਲਣ ’ਤੇ ਚੰਦੂਮਾਜਰਾ ਪਰਿਵਾਰ ਹੋਇਆ ਗੁਰਦੁਆਰੇ ਨਤਮਸਤਕ
ਸਨੌਰ (ਸਰਬਜੀਤ ਸਿੰਘ ਭੰਗੂ): ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਅੱਜ ਆਪਣੇ ਫਰਜ਼ੰਦ ਅਤੇ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੂੰ ਸਨੌਰ ਤੋਂ ਦੂਜੀ ਵਾਰ ਅਕਾਲੀ ਦਲ ਵੱਲੋਂ ਟਿਕਟ ਦੇਣ ’ਤੇ ਹਲਕੇ ਅਧੀਨ ਪੈਂਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿੱਚ ਹਮਾਇਤੀਆਂ ਤੇ ਪਾਰਟੀ ਕਾਰਕੁਨਾਂ ਨਾਲ਼ ਨਤਮਸਤਕ ਹੋਣ ਆਏ। ਜ਼ਿਕਰਯੋਗ ਹੈ ਕਿ ਹਰਿੰਦਰਪਾਲ ਸਨੌਰ ਤੋਂ 2017 ’ਚ ਪਹਿਲੀ ਵਾਰ ਵਿਧਾਇਕ ਬਣੇ ਹਨ। ਜਦਕਿ ਪ੍ਰੋ. ਚੰਦੂਮਾਜਰਾ ਵੀ ਪਹਿਲੀ ਵਾਰ 1985 ਇਸੇ ਹਲਕੇ (ਉਦੋਂ ਨਾਮ ਡਕਾਲ਼ਾ) ਤੋਂ ਵਿਧਾਇਕ ਬਣੇ ਸਨ। ਐਤਕੀਂ ਚੰਦੂਮਾਜਰਾ ਨੇ ਘਨੌਰ ਹਲਕੇ ’ਤੇ ਅੱਖ ਰੱਖੀ ਹੋਈ ਹੈ। ਭਾਵੇਂ ਕਿ ਘਨੌਰ ਤੋਂ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਚੋਣ ਲੜਦੇ ਆਏ ਹਨ,ਪਰ ਚੰਦੂਮਾਜਰਾ ਨੇ ਵੀ ਚੋਣ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਜੇ ਉਹ ਟਿਕਟ ਲੈਣ ’ਚ ਸਫਲ ਹੁੰਦੇ ਹਨ, ਤਾਂ ਦੋਵਾਂ ਪਿਓ ਪੁੱਤਾਂ ਦੇ ਹਲਕੇ ਇੱੱਕ ਦੂਜੇ ਦੇ ਨਾਲ਼ ਖਹਿੰਦੇ ਹੋਣਗੇ।