ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਜੁਲਾਈ
ਪਿੰਡ ਗੁਲਾਹੜ ਵਿੱਚ ਬਰਸਾਤੀ ਪਾਣੀ ਦੇ ਵਹਾਅ ਲਈ ਬਣਾਈਆਂ ਪੁਲੀਆਂ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਬੰਦ ਕੀਤੇ ਜਾਣ ਉੱਤੇ ਪ੍ਰਸ਼ਾਸਨ ਨੇ ਸਖਤ ਐਕਸ਼ਨ ਲੈਂਦਿਆਂ ਪੁਲੀਆਂ ਖੁੱਲ੍ਹਵਾ ਦਿੱਤੀਆਂ ਹਨ।
ਬਰਸਾਤੀ ਪਾਣੀ ਦੀ ਨਿਕਾਸੀ ਲਈ ਗੁਲਾਹੜ ਤੋਂ ਜੋਗੇਵਾਲਾ, ਹੋਤੀਪੁਰ ਅਤੇ ਖਾਂਗ ਜਾਣ ਵਾਲੀਆਂ ਸੜਕਾਂ ਹੇਠਾਂ ਕਈ ਥਾਈਂ ਦੱਬੀਆਂ ਪੁਲੀਆਂ ਖੋਲ੍ਹਣ ਲਈ ਡਿਊਟੀ ਮੈਜਿਸਟ੍ਰੇਟ ਤੇ ਤਹਿਸੀਲਦਾਰ ਪਾਤੜਾਂ ਮਨਜੀਤ ਸਿੰਘ, ਡੀਐੱਸਪੀ ਗੁਰਦੀਪ ਸਿੰਘ ਅਤੇ ਡਰੇਨੇਜ ਵਿਭਾਗ ਦੇ ਐਕਸੀਅਨ ਪਟਿਆਲਾ ਰਮਨਦੀਪ ਸਿੰਘ ਬੈਂਸ, ਐੱਸਡੀਓ ਨਿਸ਼ਾਂਤ ਗਰਗ ਅਤੇ ਬੀਡੀਪੀਓ ਪਾਤੜਾਂ ਗੁਰਤੇਗ ਸਿੰਘ ਦੀ ਅਗਵਾਈ ਵਿੱਚ ਪੁੱਜੀ ਟੀਮ ਵੱਲੋਂ ਗੁਲਾਹੜ, ਜੋਗੇਵਾਲਾ ਸੜਕ ਉੱਤੇ ਪੁਲੀਆਂ ਖੁੱਲ੍ਹਵਾਏ ਜਾਣ ਦਾ ਵਿਰੋਧ ਕੀਤਾ ਗਿਆ। ਕੁਝ ਵਿਅਕਤੀਆਂ ਨੇ ਪਹਿਲਾਂ ਖਾਂਗ ਸੜਕ ਹੇਠਾਂ ਦੱਬੀਆਂ ਪੁਲੀਆਂ ਦੇ ਨਾਲ-ਨਾਲ ਹੋਤੀਪੁਰ ਵਾਲੀ ਸੜਕ ’ਤੇ ਪੁਲੀਆਂ ਸਾਹਮਣੇ ਬਣਾਈ ਗਈ ਕੰਧ ਹਟਾਉਣ ਦੀ ਮੰਗ ਕੀਤੀ। ਪ੍ਰਸ਼ਾਸਨ ਨੇ ਪੂਰੇ ਲਾਮ ਲਸ਼ਕਰ ਨਾਲ ਸਬੰਧਤ ਥਾਵਾਂ ਉੱਤੇ ਪਹੁੰਚ ਕੇ ਮਿੱਟੀ ਤੇ ਇੱਟਾਂ ਰੋੜਿਆਂ ਨਾਲ ਬੰਦ ਕੀਤੀਆਂ ਪੁਲੀਆਂ ਖੋਲ੍ਹਣ ਮਗਰੋਂ ਹੋਤੀਪੁਰ ਵਾਲੀ ਸੜਕ ਉੱਤੇ ਪੁਲੀਆਂ ਸਾਹਮਣੇ ਇੱਕ ਕਿਸਾਨ ਵੱਲੋਂ ਬਣਾਈ ਗਈ ਕੰਧ ਜੇਸੀਬੀ ਦੀ ਮਦਦ ਨਾਲ ਢਹਿ-ਢੇਰੀ ਕਰਵਾਈ। ਗੁਲਾਹੜ, ਜੋਗੇਵਾਲਾ ਸੜਕ ਉੱਤੇ ਪੁਲੀਆਂ ਸਾਹਮਣੇ ਬਣਾਏ ਗਏ ਬੰਨ੍ਹ ਨੂੰ ਹਟਾਉਣ ਸਮੇਂ ਕੁਝ ਵਿਅਕਤੀਆਂ ਨੇ ਵਿਰੋਧ ਕੀਤਾ। ਇਸੇ ਦੌਰਾਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ।