ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਪਰੈਲ
ਨਗਰ ਨਿਗਮ ਪਟਿਆਲਾ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ 50 ਤੋਂ ਵੱਧ ਮਤੇ ਪਾਸ ਕੀਤੇ ਗਏ ਜਿਸ ’ਚ ਕਾਂਗਰਸ ਦੀ ਸਰਕਾਰ ਮੌਕੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਇੰਪਰੂਵਮੈਂਟ ਟਰੱਸਟ ਨੂੰ ਸੌਂਪੇ ਗਏ ਸਮੂਹ 28 ਵਾਰਡਾਂ ਨੂੰ ਮੁੜ ਤੋਂ ਨਗਰ ਨਿਗਮ ਦੇ ਅਧੀਨ ਲਿਆਉਣ ਦਾ ਮਤਾ ਵੀ ਅਹਿਮ ਰਿਹਾ। ਇਸ ਤਰ੍ਹਾਂ ਹੁਣ ਸ਼ਹਿਰ ਦੇ ਸਮੂਹ 60 ਵਾਰਡਾਂ ਦੇ ਕੰਮ ਦੀ ਜ਼ਿੰਮੇਵਾਰੀ ਮੁੱਖ ਤੌਰ ’ਤੇ ਨਗਰ ਨਿਗਮ ਵੱਲੋਂ ਹੀ ਨਿਭਾਈ ਜਾਵੇਗੀ। ਨਿਗਮ ਵੱਲੋਂ ਸ਼ਹਿਰ ਵਿੱਚ 7.5 ਕਰੋੜ ਦੀ ਲਾਗਤ ਨਾਲ 200 ਸੀਸੀਟੀਵੀ ਕੈਮਰੇ ਲਗਾਉਣ ਸਮੇਤ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ 500 ਨਵੇਂ ਸਫ਼ਾਈ ਸੇਵਕਾਂ ਦੀ ਭਰਤੀ ਵੀ ਕੀਤੀ ਜਾਵੇਗੀ। ਮੀਟਿੰਗ ਦੀ ਪ੍ਰਧਾਨਗੀ ਮੇਅਰ ਸੰਜੀਵ ਬਿੱਟੂ ਨੇ ਕੀਤੀ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 60 ਵਾਰਡ ਹਨ। ਪਰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਤੇ ਮੇਅਰ ਸੰਜੀਵ ਬਿੱਟੂ ਦਰਮਿਆਨ ਮਤਭੇਦਾਂ ਦੇ ਚੱਲਦਿਆਂ, ਬ੍ਰਹਮ ਮਹਿੰਦਰਾ ਦੇ ਹਲਕੇ ਪਟਿਆਲਾ ਦਿਹਾਤੀ ਅਧੀਨ ਪੈਂਦੇ ਸਮੂਹ 28 ਵਾਰਡਾਂ ਦੇ ਵਿਕਾਸ ਆਦਿ ਦੀ ਜ਼ਿੰਮੇਵਾਰੀ ਦਾ ਕੰਮ ਨਿਗਮ ਤੋਂ ਖੋਹ ਕੇ ਇੰਪਰੂਵਮੈਂਟ ਟਰੱਸਟ ਨੂੰ ਦੇ ਦਿੱਤਾ ਗਿਆ ਸੀ। ਪਰ ਅੱਜ ਇਨ੍ਹਾਂ ਵਾਰਡਾਂ ਦਾ ਕੰਮ ਵੀ ਨਿਗਮ ਵੱਲੋਂ ਹੀ ਮੁਕੰਮਲ ਕਰਵਾਏ ਜਾਣ ਦੇ ਮਤੇ ’ਤੇ ਮੋਹਰ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਿਗਮ ਦੀ ਹੱਦ ਵਧਾਉਂਦਿਆਂ, ਰਾਜਪੁਰਾ ਅਤੇ ਨਾਭਾ ਰੋਡ ’ਤੇ ਵੀ ਦੋ ਨਵੇਂ ਫਾਇਰ ਸਬ-ਸਟੇਸ਼ਨ ਲਗਾਏ ਜਾਣ ਦਾ ਫੈਸਲਾ ਵੀ ਲਿਆ ਗਿਆ ਹੈ।
ਇਸ ਦੌਰਾਨ ਹੀ ਵਾਰਡ ਨੰਬਰ 18 ਵਿੱਚ ਟਰੱਸਟ ਵੱਲੋਂ ਸੀਵਰੇਜ ਅਤੇ ਪਾਣੀ ਦੀ ਪਾਈਪ ਲਾਈਨ ਵਿਛਾਉਣ ਤੋਂ ਬਿਨਾਂ ਸੜਕਾਂ ਬਣਾ ਕੇ ਫੰਡਾਂ ਦਾ ਨੁਕਸਾਨ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ।ਂ ਸੱਤ ਕਲੋਨੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਵੀ ਹੁਣ ਨਿਗਮ ਵੱਲੋਂ ਹੀ ਨਿਭਾਈ ਜਾਵੇਗੀ। ਲੋਕਾਂ ਦੀ ਸਹੂਲਤ ਲਈ ਅੱਜ ਸਮਾਲ ਕੰਸਟਰੱਕਸ਼ਨ ਸਕੀਮ ਲਾਗੂ ਕਰਨ ਦੀ ਹਾਮੀ ਭਰ ਦਿੱਤੀ ਗਈ ਹੈ।
ਨਿਗਮ ਅਧੀਨ ਪੈਂਦੀਆਂ 114 ਪਾਰਕਾਂ ਵਿਚੋਂ ਨਵ-ਨਿਰਮਾਣ ਕਰਨ ਤੋਂ ਬਾਅਦ ਵੀ ਖਸਤਾ ਹਾਲ ਹੋਏ ਪਾਰਕਾਂ ਨੂੰ ਮੁੜ ਵਿਕਸਤ ਕਰਨ ਨੂੰ ਵੀ ਪ੍ਰਵਾਨਗੀ ਮਿਲ ਗਈ। ਪਾਲਤੂ ਜਾਨਵਰਾਂ ’ਤੇ ਟੈਕਸ ਲਾਉਣ ਦੀ ਤਜਵੀਜ਼ ’ਤੇ ਆਧਾਰਤ ਮਤਾ ਅੱਗੇ ਪਾ ਦਿੱਤਾ ਗਿਆ। ਡੀ-ਸੀਲਿੰਗ ਸਬੰਧੀ ਗਰੰਟੀ ਫੀਸ ਲੈਣ ਦਾ ਪ੍ਰਸਤਾਵ ਵੀ ਸੁਰੱਖਿਅਤ ਰੱਖ ਲਿਆ ਗਿਆ। ਪ੍ਰੈਸ ਰੋਡ ’ਤੇ ਸਥਿਤ ਨਵੇਂ ਪਾਰਕ ਦਾ ਨਾਂ ਪੱਤਰਕਾਰ ‘ਸਤਬੀਰ ਸਿੰਘ ਦਰਦੀ ਯਾਦਗਾਰੀ ਪਾਰਕ’ ਰੱਖਣ ਦੇ ਮਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਹ ਚੜ੍ਹਦੀਕਲਾ ਗਰੁੱਪ ਦੇ ਸੰਚਾਲਕ ਦਰਦੀ ਪਰਿਵਾਰ ਦੇ ਮੈਂਬਰ ਸਨ। ਇਸੇ ਦੌਰਾਨ ਗੁੱਟਬੰਦੀ ਕਾਰਨ ਅੱੱਜ ਬਹੁਤੇ ਕੌਂਸਲਰ ਗੈਰਹਾਜ਼ਰ ਰਹੇ। ਪਰ ਐਡਵੋਕੇਟ ਟੀ.ਐਮ ਸਿਆਲ ਦਾ ਤਰਕ ਸੀ ਮਿਉਂਸਪਲ ਐਕਟ 1976 ਦੀ ਧਾਰਾ 58 ਅਨੁਸਾਰ ਇੱਕ ਤਿਹਾਈ ਬਹੁਮਤ ਜਨਰਲ ਹਾਊਸ ਵਿੱਚ ਹੋਣਾ ਲਾਜ਼ਮੀ ਹੈ ਤੇ ਅੱਜ 63 ਵਿਚੋਂ 23 ਕੌਂਸਲਰ ਹਾਜ਼ਰ ਸਨ। ਪ੍ਰਸਿੱਧ ਪੱਤਰਕਾਰ ਜਗਜੀਤ ਸਿੰਘ ਦਰਦੀ ਨੂੰ ਮੀਡੀਆ, ਸਿੱਖਿਆ, ਰਾਸ਼ਟਰੀ ਏਕਤਾ, ਮਾਂ ਬੋਲੀ ਪੰਜਾਬੀ, ਸੱਭਿਆਚਾਰਕ ਅਤੇ ਵਿਰਸੇ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਦੇਸ਼ ਦੇ ਰਾਸ਼ਟਰਪਤੀ ਨੇ ਪਦਮਸ਼੍ਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ। ਜਨਰਲ ਹਾਊਸ ਦਾ ਤਰਕ ਸੀ ਕਿ ਦਰਦੀ ਜ਼ਰੀਏ ਇਸ ਪ੍ਰਾਪਤੀ ਨਾਲ ਪਟਿਆਲਾ ਦਾ ਨਾਂ ਦੇਸ਼ ਅਤੇ ਦੁਨੀਆਂ ਵਿੱਚ ਉੱਚਾ ਹੋਇਆ ਹੈ, ਜਿਸ ਲਈ ਜਨਰਲ ਹਾਊਸ ਨੇ ਜਗਜੀਤ ਸਿੰਘ ਦਰਦੀ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ ਹੈ।