ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਸਤੰਬਰ
ਜੁਲਾਈ ਵਿੱਚ ਪਈ ਭਾਰੀ ਬਾਰਸ਼ ਕਾਰਨ ਮੋਮੀਆਂ ਡਰੇਨ ਓਵਰਫਲੋ ਹੋਣ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਸੀ। ਕੈਪਟਨ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਸਨ। ਪਟਵਾਰੀਆਂ ਦੁਆਰਾ ਤਿਆਰ ਕੀਤੀ ਰਿਪੋਰਟ ਦੀ ਤਿੰਨ ਮਹੀਨੇ ਬੀਤਣ ਉਪਰੰਤ ਪੜਤਾਲ ਕੀਤੀ ਜਾ ਰਹੀ ਹੈ। ਕਿਸਾਨਾਂ ਮੁਤਾਬਕ ਤਹਿਸੀਲਦਾਰ ਗੱਡੀ ਵਿੱਚ ਬੈਠ ਕੇ ਦੁਬਾਰਾ ਲੱਗੇ ਝੋਨੇ ਦੇ ਖੇਤਾਂ ਨੂੰ ਪਹਿਲਾਂ ਲੱਗੇ ਦੱਸ ਕੇ ਕਟਵਾਉਣ ਲੱਗਾ ਤਾਂ ਕਿਸਾਨਾਂ ਵਿੱਚ ਰੋਸ ਫੈਲ ਗਿਆ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਮੋਮੀਆਂ ਡਰੇਨ ਦੇ ਓਵਰਫਲੋ ਹੋਣ ਅਤੇ ਨੀਵੀਆਂ ਥਾਵਾਂ ਵਿੱਚ ਪਾਣੀ ਭਰਨ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਸੀ। ਇਸ ਉਪਰੰਤ ਉਨ੍ਹਾਂ ਦੁਬਾਰਾ ਮਹਿੰਗੇ ਭਾਅ ਦੀਆਂ ਪਨੀਰੀਆਂ ਮੁਲ ਲਿਆਕੇ ਪੀਆਰ 126 ਜਾਂ 1509 ਕਿਸਮ ਦਾ ਝੋਨਾ ਲਾਇਆ ਸੀ ਜਿਹੜਾ ਤਕਰੀਬਨ ਤਿੰਨ ਮਹੀਨੇ ਵਿੱਚ ਪੱਕ ਜਾਂਦਾ ਹੈ। ਹੁਣ ਦੁਬਾਰਾ ਲੱਗੇ ਝੋਨੇ ਦੀ ਤਿੰਨ ਮਹੀਨੇ ਬਾਅਦ ਤਹਿਸੀਲਦਾਰ ਤੇ ਕਾਨੂੰਗੋ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਤਹਿਸੀਲਦਾਰ ਗੱਡੀ ਵਿੱਚ ਬੈਠ ਕੇ ਪਹਿਲਾਂ ਲੱਗਿਆ ਝੋਨਾ ਕਹਿਕੇ ਕਾਨੂੰਗੋ ਤੋਂ ਕਟਵਾ ਰਿਹਾ ਹੈ ਜਿਹੜਾ ਕਿ ਨਿਸਰ ਕੇ ਪੱਕਣ ਵਾਲਾ ਹੈ। ਕਿਸਾਨਾਂ ਅਲੁਸਾਰ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਦੋਹਰੇ ਖਰਚੇ ਕਰਨੇ ਪਏ ਹਨ ਅਤੇ ਹੁਣ ਵਾਲਾ ਝੋਨਾ ਵੀ ਬਹੁਤ ਘੱਟ ਨਿਕਲਣ ਦੇ ਆਸਾਰ ਹਨ।
ਤਹਿਸੀਲਦਾਰ ਵੱਲੋਂ ਸਪੱਸ਼ਟੀਕਰਨ
ਤਹਿਸੀਲਦਾਰ ਰਾਮ ਲਾਲ ਨੇ ਕਿਹਾ ਹੈ ਕਿ ਉਹ ਮੁੜ ਲੱਗੇ ਝੋਨੇ ਦੇ ਖੇਤਾਂ ਨੂੰ ਨਹੀਂ ਕਟਵਾ ਰਿਹਾ ਸਗੋਂ ਜਿਥੇ ਕਿਤੇ ਪੱਕੇ ਹੋਏ ਝੋਨੇ ਦੇ ਖੇਤ ਲਿਖੇ ਗਏ ਹਨ, ਉਹੀ ਰਕਬਾ ਕਟਵਾਇਆ ਜਾ ਰਿਹਾ ਹੈ ਤਾਂ ਕਿ ਸਹੀ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਿਵਾਈ ਜਾ ਸਕੇ।