ਪੱਤਰ ਪ੍ਰੇਰਕ
ਸਮਾਣਾ, 12 ਜੂਨ
ਕੁੱਲ ਹਿੰਦ ਕਿਸਾਨ ਸਭਾ ਦਾ 41ਵਾਂ ਇਜਲਾਸ ਪਿੰਡ ਧਨੇਠਾ ਵਿੱਚ ਕਾਮਰੇਡ ਹਰ ਕ੍ਰਿਸ਼ਨ ਸਿੰਘ ਸੁਰਜੀਤ ਹਾਲ ਵਿੱਚ ਹੋਇਆ। ਇਸ ਵਿੱਚ ਤਹਿਸੀਲ ਸਮਾਣਾ ਦੇ 14 ਯੂਨਿਟਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ, ਜਿਸ ਦੀ ਪ੍ਰਧਾਨਗੀ ਮੱਖਣ ਸਿੰਘ ਗੁਰਬਖ਼ਸ਼ ਸਿੰਘ ਨੇ ਕੀਤੀ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਤੇਜਾ ਸਿੰਘ ਖੇੜੀ ਨਗਾਈਆਂ ਵੱਲੋਂ ਕਰਨ ਉਪਰੰਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਇਜਲਾਸ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਮੀਤ ਪ੍ਰਧਾਨ ਕਾਮਰੇਡ ਧਰਮਪਾਲ ਸੀਲ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਿਸਾਨ ਘੋਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਰਿਹਾ ਹੈ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੈਰਾਮ ਭਾਨਰਾ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ। 19 ਮੈਂਬਰੀ ਪਾਤੜਾਂ ਤੇ ਸਮਾਣਾ ਤਹਿਸੀਲ ਕਮੇਟੀ ਦੀ ਟੀਮ ਗਠਿਤ ਕੀਤੀ ਗਈ, ਜਿਸ ਵਿਚ ਮੱਖਣ ਸਿੰਘ ਹਮਝੜੀ ਨੂੰ ਪ੍ਰਧਾਨ ਤੇ ਭਗਤ ਰਾਮ ਬਿਸ਼ਨਪੁਰਾ ਨੂੰ ਸਕੱਤਰ ਚੁਣਿਆ ਗਿਆ। ਜ਼ਿਲਾ ਇਜਲਾਸ ਲਈ 27 ਡੈਲੀਗੇਟਾਂ ਦੀ ਚੋਣ ਕੀਤੀ ਗਈ।