ਅਧਿਆਪਕ ਸੰਘ ਵੱਲੋਂ ਵਾਈਸ ਚਾਂਸਲਰ ਦੇ ਘਰ ਅੱਗੇ ਧਰਨਾ

ਅਧਿਆਪਕ ਸੰਘ ਵੱਲੋਂ ਵਾਈਸ ਚਾਂਸਲਰ ਦੇ ਘਰ ਅੱਗੇ ਧਰਨਾ

ਯੂਨੀਵਰਸਿਟੀ ਕੈਂਪਸ ’ਚ ਅਧਿਆਪਕ ਤੇ ਕਰਮਚਾਰੀ ਰੋਸ ਮਾਰਚ ਕੱਢਦੇ ਹੋਏ। -ਫੋਟੋ: ਸੱਚਰ

ਰਵੇਲ ਸਿੰਘ ਭਿੰਡਰ
ਪਟਿਆਲਾ, 14 ਅਗਸਤ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਨੇ ਪਿਛਲੇ ਕਈ ਦਿਨਾਂ ਵਾਂਗ ਅੱਜ ਵੀ ਕੈਂਪਸ ਸਥਿਤ ਵਾਈਸ ਚਾਂਸਲਰ ਦੇ ਘਰ ਅੱਗੇ ਸਵੇਰੇ 11 ਤੋਂ ਬਾਅਦ ਦੁਪਹਿਰ ਇੱਕ ਵਜੇ ਤੱਕ ਰੋਸ ਧਰਨਾ ਦਿੱਤਾ। ਇਸ ਦੌਰਾਨ ਪੂਟਾ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਤੇ ਮਸਲਿਆਂ ਦੇ ਸਬੰਧ ’ਚ ਨਾਅਰੇਬਾਜ਼ੀ ਕੀਤੀ ਗਈ ਤੇ ਮੰਗਾਂ ਦੇ ਹੱਲ ਤੱਕ ਸੰਘਰਸ਼ ਮਘਾਈ ਰੱਖਣ ਦਾ ਫ਼ੈਸਲਾ ਵੀ ਲਿਆ। ਇਸ ਧਰਨੇ ਦੌਰਾਨ ਯੂਨੀਵਰਸਿਟੀ ਸਿਰ ਚੜ੍ਹੇ 150 ਕਰੋੜ ਦੇ ਕਰਜ਼ੇ ਦੀ ਪੜਤਾਲ ਕਰਵਾਉਣ ਦੀ ਮੰਗ ਵੀ ਉੱਠੀ। 

ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਹੋਣ ਜਾ ਰਹੀ ਹੈ ਜਿਸ ਲਈ ਉਹ ਸਿੰਡੀਕੇਟ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਇਸ ਮੀਟਿੰਗ ਵਿੱਚੋਂ ਸਾਂਝਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਮਹੀਨੇਵਾਰ ਗ੍ਰਾਂਟ ’ਚ ਵਾਧਾ ਕਰਵਾਉਣ ਬਾਰੇ ਲਿਖਿਆ ਜਾਵੇ। ਅਧਿਆਪਕ ਸੰਘ ਨੇ ਇਹ ਵੀ ਅਪੀਲ ਕੀਤੀ ਕਿ ਯੂਨੀਵਰਸਿਟੀ ਉੱਤੇ ਡੇਢ ਸੌ ਕਰੋੜ ਦੇ ਕਰਜ਼ੇ ਦੇ ਕੀ ਕਾਰਨ ਹਨ ਉਨ੍ਹਾਂ ਦੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਐੱਡਹਾਕ ਅਧਿਆਪਕਾਂ ਦੇ ਸਾਲਾਨਾ  ਇਨਕਰੀਮੈਂਟ ਤੁਰੰਤ  ਲਗਾਉਣ ਦੀ ਮੰਗ ਕੀਤੀ। ਅਧਿਆਪਕ ਸੰਘ ਨੇ ਦੋਸ਼ ਲਾਇਆ ਕਿ ਐਡਹਾਕ ਸੇਵਾ ਦਾ ਅਧਿਆਪਕਾਂ ਨੂੰ ਲਾਭ ਦੇਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਵਾਰ ਵਾਰ ਕਮੇਟੀਆਂ ਬਣਾ ਕੇ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਰਿਹਾਇਸ਼ੀ ਮਕਾਨ  ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਜੋ ਨਾ ਹੀ ਯੂਨੀਵਰਸਿਟੀ ਦਾ ਕਰਮਚਾਰੀ ਨਾ ਹੀ ਪੈਨਸ਼ਨਰ ਹੈ। ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਰਾਜ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ’ਚ ਜਾ ਕੇ ਅੱਜ ਰੋਸ ਮਾਰਚ ਕੱਢਿਆ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਵੀਸੀ ਦਫਤਰ ਅੱਗੇ 19ਵੇਂ ਦਿਨ ਰੋਸ ਧਰਨੇ ’ਚ ਵੀ ਸ਼ਿਰਕਤ ਕੀਤੀ। ਇਹ ਧਰਨਾ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅਧਿਆਪਕ ਆਗੂ ਡਾ. ਭੁਪਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਹਰ ਖੇਤਰ ’ਚ ਸਭ ਤੋਂ ਵੱਧ ਪ੍ਰਕਾਸ਼ਨ ਹੁੰਦੇ ਹਨ, ਪਰ ਵਿੱਤੀ ਸੰਕਟ ਕਾਰਨ ਇਹ ਸਭ ਕੁਝ ਰੁਕਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜ ਸਰਕਾਰ ਨੂੰ ਯੂਨੀਵਰਸਿਟੀ ਦੇ ਫੰਡਿੰਗ ਦੀ ਸਥਿਤੀ ਉਸੇ ਪੱਧਰ ’ਤੇ ਬਣਾਈ ਰੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਲ 1991-92 ਵਿੱਚ ਕੀਤਾ ਜਾ ਰਿਹਾ ਸੀ। ਇਸ ਮੌਕੇ ਡਾ. ਰਾਜਬੰਸ ਸਿੰਘ ਗਿੱਲ, ਇੰਜ. ਸੁਮਨਦੀਪ ਕੌਰ, ਇੰਜ. ਚਰਨਜੀਤ ਸਿੰਘ, ਇੰਜ. ਹਰਵਿੰਦਰ ਸਿੰਘ ਧਾਲੀਵਾਲ ਅਤੇ ਡਾ. ਜਸਦੀਪ ਸਿੰਘ ਤੂਰ, ਬਲਵੰਤ ਸਿੰਘ, ਗੁਰਲਾਲ ਸਿੰਘ, ਗੱਜਣ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ, ਹਰਮੇਸ਼ ਲਾਲ ਅਤੇ ਵਿਜੇ ਕੁਮਾਰ, ਡਾ. ਰੁਪਿੰਦਰ ਕੌਰ, ਡਾ. ਪਰਵੀਨ ਲਤਾ, ਡਾ. ਸਰਬਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਕਰਮਚਾਰੀਆਂ ਨੇ ਯੂਨੀਵਰਸਿਟੀ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਦੀ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕੀਤੇ।

ਡੀਨ ਅਕਾਦਮਿਕ ਦਫ਼ਤਰ ਅੱਗੇ ਭੁੱਖ ਹੜਤਾਲ ਜਾਰੀ

ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਦਫ਼ਤਰ ਅੱਗੇ ਸੀਨੀਅਰ ਟੈਕਨੀਕਲ ਅਸਿਸਟੈਂਟ, ਵਰਕਸ਼ਾਪ ਇੰਸਟਰਕਟਰ, ਫਿਜ਼ੀਓਥੈਰੇਪਿਸਟ ਕਰਮਚਾਰੀਆਂ ਵੱਲੋਂ ਅੱਜ ਦੂਜੇ ਦਿਨ ਵੀ ਏ ਕਲਾਸ ਅਫਸਰ ਐਸੋਸੀਏਸ਼ਨ ਦੀ ਅਗਵਾਈ ਹੇਠ ਭੁੱਖ ਹੜਤਾਲ ਰੱਖੀ ਗਈ। ਦੂਜੇ ਦਿਨ ਭੁੱਖ ਹੜਤਾਲ ’ਤੇ ਉਪਕਾਰ ਸਿੰਘ ਬੈਠੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਲੰਘੇ ਕੱਲ ਅਥਾਰਿਟੀ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਹੁਣ ਸੋਮਵਾਰ ਮਗਰੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰਵੀਨ ਪਾਹੂਜਾ, ਵਿਜੇ ਸਿੰਗਲਾ, ਦਲਜੀਤ ਸਿੰਘ, ਲਾਭ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ ਮਾਨ, ਅਸੀਸ ਕੁਮਾਰ ਗੁਪਤਾ, ਆਸ਼ੂਤੋਸ਼ ਕੋਹਲੀ, ਬਲਜਿੰਦਰ ਲਾਂਬਾ, ਸੌਰਵ ਕੁਮਾਰ, ਰਵਿੰਦਰ ਕੁਮਾਰ, ਰਾਜੀਵ ਸੂਦ, ਹਰਪ੍ਰੀਤਪਾਲ, ਰਾਜਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All