ਰਵੇਲ ਸਿੰਘ ਭਿੰਡਰ
ਪਟਿਆਲਾ, 9 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਵਾਸਤੇ ਅਕਾਲੀ ਦਲ ਦੀ ਬਸਪਾ ਤੇ ਹੋਰ ਪਾਰਟੀਆਂ ਨਾਲ ਅੰਤਿਮ ਪੜਾਅ ’ਤੇ ਗੱਲਬਾਤ ਚੱਲ ਰਹੀ ਹੈ ਤੇ ਇਸ ਬਾਰੇ ਜਲਦੀ ਹੀ ਫ਼ੈਸਲਾ ਹੋਵੇਗਾ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਕਾਂਗਰਸ, ‘ਆਪ’ ਅਤੇ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ।
ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਕਰਨ ਲਈ ਕਾਨੂੰਨੀ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ ਤੇ ਜਿਹੜੀ ਵੀ ਪਾਰਟੀ 90 ਫੀਸਦੀ ਤੱਕ ਵਾਅਦੇ ਪੂਰੇ ਨਹੀਂ ਕਰਦੀ, ਉਸ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਆ ਅਪਣਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਝੋਨੇ ਦੀ ਕੀਮਤ ਵਿੱਚ ਕੀਤਾ ਗਿਆ ਵਾਧਾ ਖਰਚਿਆਂ ਦੇ ਮੁਤਾਬਕ ਨਹੀਂ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਡੀਜ਼ਲ ਤੇ ਪੈਟਰੋਲ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ ਪਰ ਝੋਨੇ ਦੇ ਭਾਅ ਵਿੱਚ 72 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤਾ ਗਿਆ ਵਾਧਾ ਬਹੁਤ ਘੱਟ ਹੈ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਮੁਲਾਜ਼ਮ ਫਰੰਟ ਦੇ ਆਗੂ ਬਾਜ਼ ਸਿੰਘ ਖਹਿਰਾ ਤੇ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਤੋਂ ਇਲਾਵਾ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।