ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 22 ਜੁਲਾਈ
ਪਿੰਡ ਮਹਿਦੂਦਾਂ ਨੇੜਿਓ ਲੰਘਦੇ ਬਘੌਰਾ-ਘਨੌਰ ਸਬ-ਮਾਈਨਰ (ਰਜਵਾਹੇ) ਦੀ ਡਾਫ ਲੱਗਣ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ’ਤੇ ਅੱਧਾ ਦਰਜਨ ਪਿੰਡਾਂ ਵਿੱਚ ਨੁਕਸਾਨੀ ਜਾ ਰਹੀ ਸੈਂਕੜੇ ਏਕੜ ਫਸਲ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਖਬਰ ਪ੍ਰਕਾਸ਼ਿਤ ਹੋਣ ’ਤੇ ਪ੍ਰਸ਼ਾਸਨ ਜਾਗਿਆ ਅਤੇ ਰਜਵਾਹੇ ਵਿੱਚ ਆਰਜ਼ੀ ਕੱਟ ਲਗਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਪਿੰਡ ਮਹਿਦੂਦਾਂ, ਘਨੌਰੀ ਖੇੇੜਾ, ਮੰਜੌਲੀ, ਲਾਛੜੂ ਖੁਰਦ ਨੇੜਿਓ ਕਰੀਬ 6-7 ਕਿੱਲੋਮੀਟਰ ਲੰਮਾ ਪੱਕਾ ਰਜਵਾਹਾ ਲੰਘਦਾ ਹੈ। ਸਬੰਧਤ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਇਸ ਰਜਵਾਹੇ ਵਿੱਚ ਕੋਈ ਸਾਈਫਨ ਨਾ ਬਣਾਏ ਜਾਣ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਗਈ ਅਤੇ ਸੈਂਕੜੇ ਏਕੜ ਫਸਲ ਤਿੰਨ ਦਿਨਾਂ ਤੋਂ ਮੀਹ ਦੇ ਪਾਣੀ ਵਿੱਚ ਡੁੱਬੀ ਰਹੀ। ਨੇੜਲੇ ਪਿੰਡਾਂ ਦੇ ਲੋਕ ਰਜਵਾਹੇ ਵਿੱਚ ਪੰਜ ਸਾਈਫਨ ਲਗਾਉਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਦੇ 22 ਜੁਲਾਈ ਵਾਲੇ ਅੰਕ ਵਿੱਚ ਖਬਰ ਪ੍ਰਕਾਸ਼ਿਤ ਹੋਈ ਅਤੇ ਪ੍ਰਸ਼ਾਸਨ ਜਾਗਿਆ। ਅੱਜ ਮੌਕੇ ’ਤੇ ਪੁੱਜੇ ਸਿੰਚਾਈ ਵਿਭਾਗ ਦੇ ਐੱਸਡੀਓ ਜਗਮੀਤ ਸਦਾਨਾ ਅਤੇ ਨਾਇਬ ਤਹਿਸੀਲਦਾਰ (ਘਨੌਰ) ਗੌਰਵ ਬਾਂਸਲ ਨੇ ਪਿੰਡ ਮਹਿਦੂਦਾਂ ਵਾਸੀ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਿੱਟੂ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਬਘੌਰਾ ਸਮੇਤ ਹੋਰਨਾਂ ਪਿੰਡ ਵਾਸੀਆਂ ਦੀ ਮੰਗ ’ਤੇ ਰਜਵਾਹੇ ਵਿੱਚ ਤਿੰਨ ਥਾਵਾਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੱਟ ਲਗਵਾ ਦਿੱਤੇ ਅਤੇ ਪਾਣੀ ਦੀ ਨਿਕਾਸੀ ਸ਼ੁਰੂ ਹੋ ਗਈ।
ਸੀਵਰੇਜ ਸਿਸਟਮ ਬਲਾਕ ਹੋਣ ਕਾਰਨ ਮੂਨਕ ਵਾਸੀ ਦੁਖੀ
ਮੂਨਕ (ਕਰਮਵੀਰ ਸਿੰਘ ਸੈਣੀ): ਇਥੋਂ ਦੇ ਵਾਰਡ ਨੰਬਰ 10 ਨੇੜੇ ਗੋਪਾਲੇ ਦੀ ਚੱਕੀ ਕੋਲ ਸੀਵਰੇਜ ਸਿਸਟਮ ਪਹਿਲੀ ਬਾਰਸ਼ ਦੌਰਾਨ ਹੀ ਫੇਲ੍ਹ ਸਾਬਤ ਹੋਇਆ ਹੈ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੈ ਤੇ ਬਦਬੂ ਫੈਲ ਰਹੀ ਹੈ। ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਥਾਨਕ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਜਾ ਕੇ ਸ਼ਿਕਾਇਤ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਇਹ ਤਾਂ ਸੀਵਰੇਜ ਬੋਰਡ ਦਾ ਕੰਮ ਹੈ ਅਤੇ ਜਦੋਂ ਉਹ ਸੀਵਰੇਜ ਬੋਰਡ ਦੇ ਦਫ਼ਤਰ ਜਾਂਦੇ ਹਨ ਤਾਂ ਵੀ ਠੋਸ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇ। ਇਸ ਸਬੰਧੀ ਸੀਵਰੇਜ ਬੋਰਡ ਦੇ ਜੇਈ ਤੇਜਿੰਦਰ ਸਿੰਗਲਾ ਨੇ ਕਿਹਾ ਕਿ ਇਹ ਨਗਰ ਪੰਚਾਇਤ ਦੀ ਜ਼ਿੰਮੇਵਾਰੀ ਹੈ। ਜੋ ਸੂਆ ਰੋਡ ਦੇ ਨਾਲ ਬਣਿਆ ਹੋਇਆ ਹੈ, ਉਸ ਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਉਸ ਦਾ ਪਾਣੀ ਹੀ ਸੀਵਰੇਜ ਵਿੱਚ ਬੈਕ ਮਾਰਦਾ ਹੈ। ਇਸੇ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਸ਼ ਗੋਇਲ ਨੇ ਕਿਹਾ ਕਿ ਸੀਵਰੇਜ ਸਿਸਟਮ ਸਬੰਧੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੀ ਬਣਦੀ ਹੈ ਅਤੇ ਇਸ ਸਮੱਸਿਆ ਸਬੰਧੀ ਲਿਖਤੀ ਰੂਪ ਵਿੱਚ ਦੇ ਚੁੱਕੇ ਹਨ ਪਰ ਗੌਰ ਨਹੀਂ ਕੀਤਾ ਜਾ ਰਿਹਾ।