ਪੱਤਰ ਪ੍ਰੇਰਕ
ਦੇਵੀਗੜ੍ਹ, 7 ਅਕਤੂਬਰ
ਪੋਲੋ ਗਰਾਊਂਡ ਪਟਿਆਲਾ ਵਿਚ ਹੋ ਰਹੀਆਂ ਪਟਿਆਲਾ ਜ਼ਿਲ੍ਹਾ ਸਕੂਲ ਖੇਡਾਂ ’ਚ ਟੈਗੋਰ ਇੰਟਰਨੈਸ਼ਨਲ ਸਕੂਲ ਨੇ ਆਪਣਾ ਦਬਦਬਾ ਕਾਇਮ ਰਖਦਿਆਂ ਕੁੜੀਆਂ ਦੇ ਉਮਰ ਵਰਗ-17 ਦਾ ਵੀ ਜ਼ਿਲ੍ਹਾ ਪੱਧਰ ਦਾ ਫਾਈਨਲ ਮੈਚ ਜਿੱਤ ਕੇ ਹੈਂਡਬਾਲ ਦੀ ਜ਼ਿਲ੍ਹਾ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਟੈਗੋਰ ਸਕੂਲ ਦੇ ਅੰਡਰ-14, 17 ਅਤੇ 19 ਲੜਕੇ ਅਤੇ ਲੜਕੀਆਂ ਉਮਰ ਵਰਗ ਜਿੱਤ ਕੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੈਗੋਰ ਦੇ ਸਾਰੇ ਖਿਡਾਰੀ ਸਟੇਟ ਮੁਕਾਬਲਿਆਂ ਲਈ ਵੀ ਚੁਣੇ ਗਏ ਹਨ। ਸਕੂਲ ਡਾਇਰੈਕਟਰ ਗੋਰਵ ਗੁਲਾਟੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੋਚ ਲਤੀਫ ਮੁਹੰਮਦ ਅਤੇ ਬੱਚਿਆਂ ਨੇ ਜੀਅ ਤੋੜ ਮਿਹਨਤ ਕਰ ਕੇ ਇਹ ਮੁਕਾਮ ਹਾਸਲ ਕੀਤਾ ਹੈ ਜਿਸਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਘੱਟ ਹੈ। ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਲਤੀਫ ਮੁਹੰਮਦ ਅਤੇ ਜੇਤੂ ਖਿਡਾਰੀਆਂ ਨੂੰ ਸਕੂਲ ਪਹੁੰਚਣ ’ਤੇ ਸਨਮਾਨਿਤ ਕੀਤਾ ਅਤੇ ਅਗਲੇ ਸਟੇਟ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।