ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜਨਵਰੀ
ਕਰੋਨਾ ਮਹਾਮਾਰੀ ਦੌਰਾਨ, ਮਿਸ਼ਨ ਫਤਹਿ ਅਧੀਨ ਕੰਮ ਕਰਦੇ ਹੋਏ ਨਗਰ ਨਿਗਮ ਦੇ ਸਫ਼ਾਈ ਸੈਨਾ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਸੀ। ਛਾਉਣੀ ਵਿੱਚ ਤਬਦੀਲ ਕੀਤੇ ਖੇਤਰਾਂ ਵਿੱਚ ਜਾ ਕੇ ਸਾਫ ਸਫ਼ਾਈ ਦਾ ਕੰਮ ਕਰਨਾ ਕਿਸੇ ਚੈਲੇਂਜ ਤੋਂ ਘੱਟ ਨਹੀਂ ਸੀ ਪਰ ਸ਼ਹਿਰ ਵਾਸੀਆਂ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਇਮਾਨਦਾਰੀ ਨਾਲ ਪੂਰਾ ਕਰਦਿਆਂ ਸਫਾਈ ਸੈਨਿਕਾਂ ਨੇ ਸ਼ਾਨਦਾਰ ਕੰਮ ਕੀਤਾ। ਇਹ ਵਿਚਾਰ ਗਣਤੰਤਰ ਦਿਵਸ ’ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਮੇਅਰ ਸੰਜੀਵ ਬਿੱਟੂ ਨੇ ਪ੍ਰਗਟ ਕੀਤੇ। ਮੇਅਰ ਨੇ ਅਪੀਲ ਕੀਤੀ ਕਿ ਹਰ ਸ਼ਹਿਰੀ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਆਪਣੇ ਘਰ ਤੋਂ ਵੱਖ-ਵੱਖ ਕਰਨਾ ਚਾਹੀਦਾ ਹੈ ਤਾਂ ਜੋ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ। ਤਿਰੰਗਾ ਲਹਿਰਾਉਣ ਤੋਂ ਬਾਅਦ ਮੇਅਰ ਨੇ ਮਾਰਚ ਪਾਸਟ ਪਰੇਡ ਤੋਂ ਸਲਾਮੀ ਲਈ। ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਸਾਰੇ ਕਰਮਚਾਰੀਆਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਨਿਭਾਈਆਂ ਡਿਊਟੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਭਾਦਸੋਂ (ਹਰਦੀਪ ਸਿੰਘ ਭੰਗੂ): ਨਗਰ ਪੰਚਾਇਤ ਭਾਦਸੋਂ ਵਿੱਚ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਦੌਰਾਨ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਚੂਨੀ ਲਾਲ ਦੀ ਅਗਵਾਈ ਵਿਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਇਸ ਦੌਰਾਨ ਥਾਣਾ ਭਾਦਸੋਂ ਦੇ ਏ.ਐੱਸ.ਆਈ ਬਲਜਿੰਦਰ ਸਿੰਘ ਸਮੇਤ ਸਟਾਫ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ।
ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਵਨੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਸਾਦਾ ਸਮਾਗਮ ਦੌਰਾਨ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਦੌਰਾਨ ਐੱਸ.ਡੀ.ਐੱਮ ਖੁਸ਼ਦਿਲ ਸਿੰਘ ਨੇ ਤਿਰੰਗਾ ਲਹਿਰਾਇਆ ਅਤੇ ਪੁਲੀਸ ਦੀ ਟੁਕੜੀ ਤੋਂ ਸਲਾਮੀ ਲਈ।