ਪਵਨ ਕੁਮਾਰ ਵਰਮਾ
ਧੂਰੀ, 9 ਜੂਨ
ਸਫਾਈ ਸੇਵਕ ਯੂਨੀਅਨ ਧੂਰੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ 28ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਸਮੂਹ ਸਫਾਈ ਸੇਵਕਾਂ ਨੇ ਨਗਰ ਕੌਸਲ ਦਫਤਰ ਅੱਗੇ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਸੰਜੈ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਸਫਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਧਰਨਾ ਤੇ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰੀ ਨੂੰ ਖਤਮ ਕਰਕੇ ਤੁਰੰਤ ਸਫਾਈ ਸੇਵਕਾਂ ਦੀ ਰੈਗੂਲਰ ਭਰਤੀ ਦੇ ਨਾਲ ਨਾਲ ਹੋਰ ਮੰਗਾਂ ਮੰਨੀਆਂ ਜਾਣ। ਉਧਰ ਸ਼ਹਿਰ ਵਾਸੀ ਸਫਾਈ ਸੇਵਕਾਂ ਦੀ ਹੜਤਾਲ ਦੇ ਮੱਦੇਨਜ਼ਰ ਖੁਦ ਨਾਲੀਆਂ ਵਿੱਚੋਂ ਕੂੜਾ ਤੇ ਕੂੜੇ ਢੇਰਾਂ ਨੂੰ ਅੱਗ ਲਾਉਂਦੇ ਦਿਖਾਈ ਦਿੱਤੇ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੜਤਾਲ ਨੂੰ ਬਿਨਾਂ ਦੇਰੀ ਦੇ ਖਤਮ ਕਰਵਾਇਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਮਹਾਮਾਰੀ ਨਾ ਫੈਲ ਸਕੇ। ਉਕਤ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਪ੍ਰੀਤ, ‘ਆਪ’ ਦੇ ਆਗੂ ਐਸ.ਐਸ.ਚੱਠਾ, ਵਪਾਰੀ ਆਗੂ ਪ੍ਰਮੋਗ ਗੁਪਤਾ ਅਤੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਨੇ ਸਫਾਈ ਸੇਵਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਸ਼ਰਤ ਸਫਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਹੜਤਾਲ ਤੁੰਰਤ ਖਤਮ ਕਰਵਾਈ ਜਾਵੇੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਸਫਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਸਫਾਈ ਕਰਮਚਾਰੀ ਲਗਭਗ ਪਿਛਲੇ 26 ਦਿਨਾਂ ਤੋਂ ਆਪਣੀ ਹੜਤਾਲ ’ਤੇ ਹਨ, ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਫੈਲ ਰਹੀ ਹੈ। ਥਾਂ ਥਾਂ ਨਾਲੀਆਂ ਭਰੀਆਂ ਪਈਆਂ ਹਨ ਅਤੇ ਪਾਣੀ ਗਲੀਆਂ ਵਿੱਚ ਖਿੱਲਰ ਰਿਹਾ ਹੈ। ਇਸ ਤੋਂ ਇਲਾਵਾ ਕੂੜੇ ਦੇ ਢੇਰਾਂ ਵਿੱਚ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ। ਸ਼ਹਿਰ ਵਾਸੀਆਂ ਦਾ ਤਰਕ ਹੈ, ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅੜੀਅਲ ਵਤੀਰਾ ਛੱਡ ਕੇ ਸਫ਼ਾਈ ਕਾਮਿਆਂ ਨਾਲ ਗੱਲਬਾਤ ਕਰੇ ਤਾਂ ਜੋ ਸ਼ਹਿਰ ਵਿਚ ਸਫਾਈ ਦਾ ਕੰਮ ਸ਼ੁਰੂ ਹੋ ਸਕੇ। ਸਫ਼ਾਈ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੜਤਾਲ ਜਾਰੀ ਰਹੇਗੀ।