ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 6 ਅਗਸਤ
ਇੱਥੋਂ ਦੀ ਰੇਲਵੇ ਪੁਲੀਸ ਨੂੰ ਉਸ ਸਮੇਂ ਭਾਜੜਾਂ ਪੈ ਗਈਆ ਜਦੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਟੇਸ਼ਨ ’ਤੇ ਗਸ਼ਤ ਕਰ ਰਹੀ ਪੁਲੀਸ ਪਾਰਟੀ ਦੀ ਨਜ਼ਰ ਸ਼ੱਕੀ ਬੈਗ ’ਤੇ ਪਈ ਜਿਸ ਵਿੱਚ ਟਿਫਨ ਅਤੇ ਛੋਟੀ ਬੈਟਰੀਆਂ ਸਮੇਤ ਹੋਰ ਸਾਮਾਨ ਪਿਆ ਸੀ।
ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਨੇ ਇਸ ਸਬੰਧੀ ਸੂਚਨਾ ਆਪਣੇ ਉਚ ਅਧਿਕਾਰੀਆਂ ਨੂੰ ਦੇਣ ਦਿੱਤੀ। ਆਈਜੀ ਰੇਲਵੇ ਪੁਲੀਸ ਬਲਜੋਤ ਸਿੰਘ ਰਾਠੌੜ, ਏਆਈਜੀ ਪ੍ਰਿਤਪਾਲ ਸਿੰਘ, ਡੀਐਸਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ, ਡੀਐਸਪੀ ਕਰਨੈਲ ਸਿੰਘ ਅਤੇ ਇੰਸਪੈਕਟਰ ਗੁਰਪ੍ਰਤਾਪ ਸਿੰਘ ਢਿੱਲੋਂ, ਡੋਗ ਸਕੁਏਡ, ਬੰਬ ਨਕਾਰਾ ਕਰਨ ਵਾਲਾ ਦਸਤਾ ਅਤੇ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ ਪ੍ਰੰਤੂ ਲਾਵਾਰਿਸ ਪਏ ਸ਼ੱਕੀ ਬੈਗ ਦੀ ਪੜਤਾਲ ਕਰਨ ’ਤੇ ਉਸ ਵਿੱਚੋਂ ਕੋਈ ਵੀ ਧਮਾਕਾਖੇਜ਼ ਵਸਤੂ ਨਾ ਮਿਲਣ ’ਤੇ ਪੁਲੀਸ ਨੇ ਸੁੱਖ ਦਾ ਸਾਹ ਲਿਆ। ਇਸ ਮੌਕੇ ਆਈਜੀ ਬਲਜੋਤ ਸਿੰਘ ਰਾਠੌੜ ਨੇ ਦੱਸਿਆ ਕਿ ਬੈਗ ਵਿੱਚੋਂ ਕੁਝ ਵੀ ਸ਼ੱਕੀ ਸਾਮਾਨ ਬਰਾਮਦ ਨਹੀਂ ਹੋਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਦੀ ਯੋਜਨਾਵਾਂ ਨੂੰ ਅਸਫਲ ਬਣਾਉਣ ਲਈ ਪੁਲੀਸ ਨੂੰ ਸਹਿਯੋਗ ਕਰਨ।