ਸ਼ਾਹਬਾਜ਼ ਸਿੰਘ
ਘੱਗਾ, 11 ਦਸੰਬਰ
ਹਲਕਾ ਸ਼ੁਤਰਾਣਾ ਦੇ ਘੱਗਾ ਇਲਾਕੇ ਵਿੱਚੋਂ ਲੰਘਣ ਵਾਲੇ ਪ੍ਰਸਤਾਵਿਤ ਦਿੱਲੀ-ਕਟੜਾ ਹਾਈਵੇਅ ਲਈ ਪਿੰਡ ਘੱਗਾ ਦੇ ਖੇਤਾਂ ਵਿੱਚ ਸਰਵੇ ਕਰ ਰਹੀਆਂ ਟੀਮਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਕਿਸਾਨਾਂ ਨੇ ਟੀਮਾਂ ਨੂੰ ਸਰਵੇ ਦਾ ਕੰਮ ਵਿਚਾਲੇ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ। ਇਸੇ ਦੌਰਾਨ ਪਿੰਡ ਬਣਵਾਲਾ ਵਿੱਚ ਵੀ ਐੱਨਐੱਚਏਆਈ ਸਰਵੇ ਟੀਮਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਸ਼ੁਤਰਾਣਾ ਤੇ ਘੱਗਾ ਦੇ ਇਲਾਕੇ ਵਿੱਚੋਂ ਜਾਣ ਵਾਲੇ ਇਸ ਪ੍ਰਸਤਾਵਿਤ ਕੌਮੀ ਮਾਰਗ ਲਈ ਐਕੁਆਇਰ ਕੀਤੇ ਜਾਣ ਵਾਲੀ ਜ਼ਮੀਨ ਸਬੰਧੀ ਕਿਸਾਨਾਂ ਨੂੰ ਸਥਿਤੀ ਸਾਫ਼ ਨਾ ਹੋਣ ਕਾਰਨ ਕਿਸਾਨਾਂ ’ਚ ਨਿਰਾਸ਼ਾ ਹੈ ਤੇ ਇਸ ਸਬੰਧੀ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਇਸ ਪ੍ਰਾਜੈਕਟ ਦੇ ਵਾਤਾਵਰਣ ਕਲੀਅਰੈਂਸ ਨੂੰ ਲੈ ਕੇ ਪਿਛਲੇ ਹਫਤੇ ਪਾਤੜਾਂ ਪ੍ਰਸ਼ਾਸਨ ਵੱਲੋਂ ਮੀਟਿੰਗ ਰੱਖੀ ਸੀ ਜਿਸ ਵਿੱਚ ਪਹੁੰਚੀ ਕਿਸਾਨ ਕਮੇਟੀ ਨੇ ਪਾਤੜਾਂ ਪ੍ਰਸ਼ਾਸਨ ਨੂੰ ਸਪਸ਼ਟ ਕੀਤਾ ਸੀ ਕਿ ਜਦੋਂ ਤੱਕ ਦਿੱਲੀ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਹਾਈਵੇਅ ਅਥਾਰਿਟੀ ਵੱਲੋਂ ਆਪਣੇ ਖੇਤਾਂ ਵਿੱਚ ਕਿਸੇ ਪ੍ਰਕਾਰ ਦਾ ਸਰਵੇ ਨਹੀਂ ਹੋਣ ਦੇਣਗੇ ਤੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਉਤੇ ਸਹਿਮਤੀ ਪ੍ਰਗਟਾਈ ਗਈ ਸੀ ਪਰ ਅੱਜ ਜਦੋਂ ਪਿੰਡ ਘੱਗਾ ਵਿੱਚ ਪ੍ਰਾਜੈਕਟ ਨਾਲ ਸਬੰਧਤ ਦੱਸੀਆਂ ਜਾਂਦੀਆਂ ਲਾਰਸਨ ਐਂਡ ਟੂਬਰੋ ਤੇ ਗਾਇਤਰੀ ਇਨਫਰਾਸਟਰੱਕਚਰ ਦੀਆਂ ਟੀਮਾਂ ਖੇਤਾਂ ’ਚ ਆਈਆਂ ਤਾਂ ਕਿਸਾਨਾਂ ਵੱਲੋਂ ਇਕੱਤਰ ਹੋ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਵਿਰੋਧ ਕਾਰਨ ਟੀਮਾਂ ਕੰਮ ਛੱਡ ਕੇ ਵਾਪਸ ਮੁੜ ਗਈਆਂ। ਇਸ ਮੌਕੇ ਇਕੱਤਰ ਕਿਸਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਤੱਕ ਉਹ ਕਿਸੇ ਟੀਮ ਨੂੰ ਆਪਣੇ ਖੇਤਾਂ ’ਚ ਨਹੀਂ ਵੜਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਰੋਡ ਕਾਰਨ ਬਰਸਾਤੀ ਤੇ ਹੜ੍ਹਾਂ ਦੇ ਪਾਣੀ ਦੀ ਸਮੱਸਿਆ ਬਣ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਉਹ ਇਹ ਗੱਲ ਐੱਸਡੀਐੱਮ ਪਾਤੜਾਂ ਨੂੰ ਵੀ ਦੱਸ ਚੁੱਕੇ ਹਨ।
ਕਿਸਾਨਾਂ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਖ਼ਿਲਾਫ਼ ਪੱਕਾ ਧਰਨਾ ਸ਼ੁਰੂ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਅੱਜ ਇੱਥੋਂ ਥੋੜੀ ਦੂਰ ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਸਥਿੱਤ ਪਿੰਡ ਰੋਸ਼ਨਵਾਲਾ ਨੇੜੇ ਭਵਾਨੀਗੜ੍ਹ, ਧੂਰੀ ਤੇ ਦਿੜਬਾ ਦੇ ਕਿਸਾਨਾਂ ਨੇ ਨਵੀਂ ਬਣਨ ਜਾ ਰਹੀ ਦਿੱਲੀ ਕੱਟੜਾ ਐਕਸਪ੍ਰੈੱਸਵੇਅ ਖ਼ਿਲਾਫ਼ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਦਿੱਲੀ ਕੱਟੜਾ ਐਕਸਪ੍ਰੈੱਸਵੇਅ ਸੰਘਰਸ਼ ਕਮੇਟੀ ਦੇ ਆਗੂ ਪ੍ਰਦੀਪ ਸਿੰਘ, ਹਰਮਨਪਰੀਤ ਸਿੰਘ ਡਿੱਕੀ, ਜਗਜੀਤ ਸਿੰਘ ਮੀਰਹੇੜੀ, ਜੋਗਿੰਦਰ ਸਿੰਘ ਕਪਿਆਲ, ਜਗਵਿੰਦਰ ਸਿੰਘ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਰਾਂਝਾ ਸਿੰਘ ਖੇੜੀ ਚੰਦਵਾਂ ਅਤੇ ਕਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਸ ਸਮੇ ਤੱਕ ਪੰਜਾਬ ਦੇ ਕਿਸਾਨ ਵੱਡੇ ਘਰਾਣਿਆਂ ਦੀਆਂ ਵਪਾਰਕ ਸਹੂਲਤਾਂ ਲਈ ਬਣਾਈ ਜਾਣ ਵਾਲੀ ਨਵੀਂ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲਈ ਆਪਣੀ ਜੰਮੀਨ ਕਿਸੇ ਵੀ ਕੀਮਤ ’ਤੇ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦਿੱਲੀ ਮੋਰਚੇ ’ਚ ਡਟੀਆਂ ਹੋਈਆਂ ਹਨ। ਇਸ ਲਈ ਦਿੱਲੀ ਮੋਰਚੇ ਦੇ ਨਬੇੜੇ ਤੋਂ ਬਾਅਦ ਹੀ ਕਿਸਾਨ ਨੁਮਾਇੰਦੇ ਇਸ ਸੜਕ ਬਾਰੇ ਗੱਲਬਾਤ ਕਰਨਗੇ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਸੜਕ ’ਚ ਪੰਜਾਬ ਦੇ ਜੋ ਕਿਸਾਨਾਂ ਦੀ ਜ਼ਮੀਨ ਆਉਂਦੀ ਹੈ, ਉਹ ਸਾਰੇ ਆਪਸ ’ਚ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਇਹ ਪੱਕਾ ਧਰਨਾ ਕਿਸਾਨਾਂ ਨੂੰ ਚੌਕਸ ਰਹਿਣ ਲਈ ਲਾਇਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਉਹ ਇਸ ਸੜਕ ਸਬੰਧੀ ਕੋਈ ਮਿਣਤੀ ਕਰਨ ਲਈ ਉਨ੍ਹਾਂ ਦੀਆਂ ਜ਼ਮੀਨਾਂ ’ਚ ਦਾਖਲ ਨਾ ਹੋਣ।
ਸੰਘਰਸ਼ ਕਮੇਟੀ ਨੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਸੰਘਰਸ਼ ਕਮੇਟੀ ਨੇ ਦਿੱਲੀ-ਕੱਟੜਾ ਹਾਈਵੇਅ ਲਈ ਜ਼ਮੀਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਦੋਂ ਤੱਕ ਪ੍ਰਸਾਸ਼ਨ ਇਸ ਹਾਈਵੇਅ ਲਈ ਜ਼ਮੀਨ ਐਕੁਵਾਇਰ ਕਰਨ ਲਈ ਕੋਈ ਕਾਰਵਾਈ ਨਾ ਕਰੇ ਜਦੋਂ ਤੱਕ ਕਿਸਾਨ ਜੰਥੇਬੰਦੀਆਂ ਦਾ ਦਿੱਲੀ ‘ਚ ਸੰਘਰਸ਼ ਸਮਾਪਤ ਨਹੀ ਹੁੰਦਾ। ਜੇ ਪ੍ਰਸ਼ਾਸਨ ਨੇ ਜ਼ਮੀਨਾਂ ਐਕੁਵਾਇਰ ਕਰਨ ਦੀ ਕਾਰਵਾਈ ਬੰਦ ਨਾ ਕੀਤੀ ਤਾਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਹ ਗੱਲ ਦਿੱਲੀ ਕੱਟੜਾ-ਐਕਸਪ੍ਰੈੱਸ ਹਾਈਵੇਅ ਸੰਘਰਸ਼ ਕਮੇਟੀ ਵੱਲੋਂ ਦਾਣਾ ਮੰਡੀ ’ਚ ਮੀਟਿੰਗ ਕਰਨ ਮਗਰੋਂ ਐੱਸਡੀਐੱਮ ਦਫ਼ਤਰ ਤੱਕ ਕਾਲੇ ਝੰਡੇ ਲੈ ਕੇ ਰੋਸ ਮਾਰਚ ਕਰਕੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਆਗੂਆਂ ਸਰਬਜੀਤ ਸਿੰਘ ਕੁੱਪ ਖੁਰਦ, ਗੁਰਪ੍ਰੀਤ ਸਿੰਘ ਭੈਣੀ ਕਲਾਂ, ਜਸਪਾਲ ਸਿੰਘ ਮਾਣਕਮਾਜਰਾ, ਸੁਰਜੀਤ ਸਿੰਘ ਕੁੱਪ ਖੁਰਦ,ਮਨਦੀਪ ਸਿੰਘ ਰਾਣਵਾਂ , ਜਸਵੀਰ ਸਿੰਘ ਭੈਣੀ ਕਲਾਂ, ਗੁਰਦੀਪ ਸਿੰਘ ਸਰੌਦ ਆਦਿ ਨੇ ਕਹੀ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਧੱਕੇ ਨਾਲ ਰੋਕਣਾ ਚਾਹੁੰਦੀ ਹੈ ਪਰ ਉਹ ਕਿਸੇ ਵੀ ਹਾਲਤ ਵਿਚ ਸਰਕਾਰ ਨੂੰ ਅਜਿਹਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਹਾਈਵੇਅ ਦੇ ਬਣਨ ਨਾਲ ਕਿਸਾਨਾਂ ਦੀ ਲੱਖਾਂ ਏਕੜ ਜ਼ਮੀਨ ਹੱਥਾਂ ਵਿਚੋਂ ਨਿਕਲ ਜਾਵੇਗੀ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੋ ਟੁਕੜਿਆਂ ਵਿਚ ਵੰਡੀਆਂ ਜਾਣਗੀਆਂ।