ਪੱਤਰ ਪ੍ਰੇਰਕ
ਰਾਜਪੁਰਾ, 11 ਜੁਲਾਈ
ਇੱਥੋਂ ਦੀ ਪੀਰ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਡਿੰਪਲ ਵੱਲੋਂ 16 ਅਪਰੈਲ ਨੂੰ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ‘ਆਪ’ ਮਹਿਲਾ ਆਗੂ ਅਨੂ ਮਹਿਤਾ ਨੇ ਇੱਥੋਂ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿੱਥੋਂ ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਦੱਸਣਯੋਗ ਹੈ ਕਿ ਪੀਰ ਕਲੋਨੀ ਵਾਸੀ ਡਿੰਪਲ ਨੇ 16 ਅਪਰੈਲ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਲਾਈਵ ਵੀਡੀਓ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਅਨੂ ਮਹਿਤਾ ’ਤੇ ਦੋਸ਼ ਲਗਾਇਆ ਸੀ ਕਿ ਉਸ ਨੂੰ ਅਨੂ ਮਹਿਤਾ ਬਲੈਕਮੇਲ ਕਰਦੀ ਹੈ ਜਿਸ ਤੋਂ ਤੰਗਹੋ ਕੇ ਉਹ ਆਤਮ ਹੱਤਿਆ ਕਰ ਰਿਹਾ ਹੈ। ਇਹ ਪੋਸਟ ਪਾਉਣ ਤੋਂ ਬਾਅਦ ਉਸ ਨੇ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ 16 ਅਪਰੈਲ ਨੂੰ ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਅਨੂ ਮਹਿਤਾ ਖ਼ਿਲਾਫ਼ ਧਾਰਾ 306 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ।
ਅਨੂ ਮਹਿਤਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਰੋਸ ਪ੍ਰਦਰਸ਼ਨ ਵੀ ਕਰਦੇ ਰਹੇ ਅਤੇ ਦੋਸ਼ ਲਗਾਉਂਦੇ ਰਹੇ ਕਿ ਸੱਤਾਧਾਰੀ ਧਿਰ ਦੇ ਦਬਾਅ ਕਾਰਨ ਪੁਲੀਸ ਅਨੂ ਮਹਿਤਾ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਕਰੀਬ ਤਿੰਨ ਮਹੀਨੇ ਬਾਅਦ ਅੰਨੂ ਮਹਿਤਾ ਨੇ ਖੁਦ ਅਦਾਲਤ ਵਿੱਚ ਸਮਰਪਣ ਕਰ ਦਿੱਤਾ।