ਜੈਸਮੀਨ ਭਾਰਦਵਾਜ
ਨਾਭਾ, 22 ਜੂਨ
ਪਿਛਲੇ ਮਹੀਨੇ ਕਾਂਗਰਸੀ ਆਗੂ ਰਜਨੀਸ਼ ਮਿੱਤਲ ਸ਼ੈਂਟੀ ਵੱਲੋਂ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਅੱਜ ਨਾਭਾ ਨਗਰ ਕੌਂਸਲ ਵਿੱਚ ਨਵੇਂ ਪ੍ਰਧਾਨ ਦੀ ਚੋਣ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਸੁਜਾਤਾ ਚਾਵਲਾ ਨੂੰ ਪ੍ਰਧਾਨ ਚੁਣ ਲਿਆ ਗਿਆ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਖਦੀਪ ਕੰਬੋਜ ਨੇ ਦੱਸਿਆ ਕਿ ਨਾਭਾ ਦੇ ਸਾਰੇ 23 ਵਾਰਡਾਂ ਦੇ ਕੌਂਸਲਰਾਂ ਸਮੇਤ ਨਾਭਾ ਦੇ ਵਿਧਾਇਕ ਦੇਵ ਮਾਨ ਨੇ ਸੁਜਾਤਾ ਚਾਵਲਾ ਦੇ ਨਾਮ ’ਤੇ ਸਹਿਮਤੀ ਜਤਾਈ। ਸਨ 1998 ਵਿੱਚ ਨਾਭਾ ਨਗਰ ਕੌਂਸਲ ਦੇ ਪ੍ਰਧਾਨ ਸਰੂਪਾ ਸਿੰਗਲਾ ਰਹੇ ਸਨ, ਜਿਸ ਤੋਂ 24 ਸਾਲਾਂ ਬਾਅਦ ਕੌਂਸਲ ਨੂੰ ਹੁਣ ਦੁਬਾਰਾ ਮਹਿਲਾ ਪ੍ਰਧਾਨ ਮਿਲੀ ਹੈ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 22 ਤੋਂ ਕੌਂਸਲਰ ਸੁਜਾਤਾ ਚਾਵਲਾ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਮੀਤ ਪ੍ਰਧਾਨ ਚੁਣੇ ਗਏ ਸਨ ਪਰ ਉਨ੍ਹਾਂ ਵੱਲੋਂ ਉਸ ਸਮੇਂ ਕਈ ਵਾਰ ਨਗਰ ਕੌਂਸਲ ਦੀ ਕਾਰਜਪ੍ਰਣਾਲੀ ’ਤੇ ਲਿਖਤੀ ਇਤਰਾਜ਼ ਦਾਇਰ ਕੀਤੇ ਗਏ ਸਨ। ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਕਈ ਕਾਂਗਰਸੀ ਅਤੇ ਅਕਾਲੀ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਏ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਸੁਜਾਤਾ ਚਾਵਲਾ ਇਕੱਲੇ ਕੌਂਸਲਰ ਸਨ।
ਇਸ ਮੌਕੇ ਸੁਜਾਤਾ ਚਾਵਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਾ ਕਰਨ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਨਾਮ ’ਤੇ ਬਦਨਾਮ ਹੋ ਚੁੱਕੀ ਨਾਭਾ ਨਗਰ ਕੌਂਸਲ ਦਾ ਸਨਮਾਨ ਉਹ ਮੁੜ ਬਹਾਲ ਕਰਨਗੇ ਤੇ ਲੋਕਾਂ ਨੂੰ ਕੁਝ ਹੀ ਦਿਨਾਂ ਵਿੱਚ ਕੌਂਸਲ ਦੀ ਕਾਰਜਪ੍ਰਣਾਲੀ ’ਚ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।
ਵਿਧਾਇਕ ਦੇਵ ਮਾਨ ਨੇ ਨਵੇਂ ਪ੍ਰਧਾਨ ਸੁਜਾਤਾ ਚਾਵਲਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਾਭਾ ਨਗਰ ਕੌਂਸਲ ਨੂੰ ਇੱਕ ਇਮਾਨਦਾਰ ਪ੍ਰਧਾਨ ਦਿੱਤਾ ਹੈ ਜੋ ਕਿ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨਗੇ।