ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 22 ਅਪਰੈਲ
ਇੱਥੋਂ ਦੀ ਪੀਰ ਕਲੋਨੀ ਦੇ ਵਸਨੀਕ ਨੌਜਵਾਨ ਡਿੰਪਲ ਵੱਲੋਂ ਹਫਤਾ ਪਹਿਲਾਂ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਔਰਤ ਅਨੂ ਮਹਿਤਾ ਦੀ ਗ੍ਰਿਫਤਾਰੀ ਦੀ ਮੰਗ ਲਈ ਅੱਜ ਬਾਅਦ ਦੁਪਹਿਰ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਲਵਕੇਸ਼ ਅਤੇ ਜਗਦੀਪ ਸਿੰਘ ਦੀ ਅਗਵਾਈ ਵਿੱਚ ਕਲੋਨੀ ਵਾਸੀਆਂ ਵੱਲੋਂ ਰਾਜਪੁਰਾ-ਪਟਿਆਲਾ ਰੋਡ ’ਤੇ ਸੜਕੀ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਵਿਧਾਇਕ ਨੀਨਾ ਮਿੱਤਲ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਲੜਕੇ ਡਿੰਪਲ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਔਰਤ ਅਨੂ ਮਹਿਤਾ ਵਾਸੀ ਪੀਰ ਕਲੋਨੀ ਰਾਜਪੁਰਾ ਨੂੰ ਸਿਆਸੀ ਦਬਾਅ ਦੇ ਚਲਦਿਆਂ ਪੁਲੀਸ ਵੱਲੋਂ ਘਟਨਾ ਤੋਂ ਹਫਤਾ ਬਾਅਦ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਔਰਤ ਉਨ੍ਹਾਂ ਦੇ ਲੜਕੇ ਨੂੰ ਘਰ ਆ ਕੇ ਧਮਕੀਆਂ ਦੇ ਰਹੀ ਸੀ ਕਿ ਉਹ ਉਸ ’ਤੇ ਜਬਰ-ਜਨਾਹ ਦਾ ਕੇਸ ਪੁਆ ਕੇ ਉਸ ਨੂੰ ਜੇਲ੍ਹ ਭੇਜ ਦੇਵੇਗੀ। ਇਸ ਤੋਂ ਤੰਗ ਆ ਕੇ ਨੌਜਵਾਨ ਨੇ ਹਫਤਾ ਪਹਿਲਾਂ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅਨੂ ਮਹਿਤਾ ਖ਼ਿਲਾਫ਼ ਕੇਸ ਦਰਜ ਹੋਣ ਦਾ ਬਾਵਜੂਦ ਪੁਲੀਸ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰਨ ਤੋਂ ਕਿਨਾਰਾ ਕਰ ਰਹੀ ਹੈ।
ਮੌਕੇ ’ਤੇ ਪੁੱਜੇ ਐੱਸ.ਐੱਚ.ਓ. ਸਿਟੀ ਹਰਮਨਪ੍ਰੀਤ ਸਿੰਘ ਚੀਮਾ ਵੱਲੋਂ ਮੁਲਜ਼ਮ ਔਰਤ ਅਨੂ ਮਹਿਤਾ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਗ੍ਰਿਫਤਾਰ ਕੀਤੇ ਜਾਣ ਦਾ ਵਿਸ਼ਵਾਸ ਦਿੱਤੇ ਜਾਣ ’ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਦਿੱਤਾ।
ਖੁਦਕੁਸ਼ੀ ਲਈ ਉਕਸਾਉਣ ਲਈ ਪਤਨੀ ਤੇ ਪ੍ਰੇਮੀ ਸਣੇ ਤਿੰਨ ਖ਼ਿਲਾਫ਼ ਕੇਸ ਦਰਜ
ਸਮਾਣਾ (ਸੁਭਾਸ਼ ਚੰਦਰ): ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਸੁਰਜੀਤ ਰਾਮ (50) ਵਾਸੀ ਪਿੰਡ ਸ਼ੁਤਰਾਣਾ ਵੱਲੋਂ ਲੰਘੇ ਦਿਨੀਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ’ਚ ਸ਼ੁਤਰਾਣਾ ਪੁਲੀਸ ਨੇ ਮ੍ਰਿਤਕ ਦੀ ਪਤਨੀ ਜਿੰਦਰ ਰਾਣੀ ਵਾਸੀ ਪਿੰਡ ਗੁਲਾਹੜ, ਭੈਣ ਪਾਰਵਤੀ ਅਤੇ ਪ੍ਰੇਮੀ ਲਵਲੀ ਕੁਮਾਰ ਵਾਸੀ ਸ਼ੁਤਰਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੋਸਟ ਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਸ਼ੁਤਰਾਣਾ ਪੁਲੀਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਗੋਲਡੀ ਕੁਮਾਰ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੇ ਪਿਤਾ ਦਾ ਦੂਜਾ ਵਿਆਹ ਜਿੰਦਰ ਰਾਣੀ ਪੁੱਤਰੀ ਕਸ਼ਮੀਰ ਵਾਸੀ ਪਿੰਡ ਗੁਲਾਹੜ ਨਾਲ ਹੋਇਆ ਸੀ, ਪਰ ਜਿੰਦਰ ਰਾਣੀ ਦੇ ਲਵਲੀ ਕੁਮਾਰ ਨਾਲ ਕਥਿਤ ਨਾਜਾਇਜ਼ ਸਬੰਧ ਹੋਣ ਕਾਰਨ ਉਸ ਦਾ ਪਿਤਾ ਉਸ ਨੂੰ ਇਸ ਤੋਂ ਰੋਕਦਾ ਸੀ। ਇਸ ਕਾਰਨ ਉਨ੍ਹਾਂ ਦਾ ਆਪਸ ਵਿੱਚ ਤਕਰਾਰ ਰਹਿੰਦਾ ਸੀ। ਇਸੇ ਗੱਲ ਨੂੰ ਲੈ ਕੇ ਉਸ ਦੇ ਪਿਤਾ ਸੁਰਜੀਤ ਕੁਮਾਰ ਦੀ ਜਿੰਦਰ ਰਾਣੀ ਨਾਲ 20 ਅਪਰੈਲ ਨੂੰ ਤਕਰਾਰ ਹੋਈ, ਇਸ ਤੋਂ ਬਾਅਦ ਉਸ ਔਰਤ ਨੇ ਆਪਣੀ ਭੈਣ ਤੇ ਕਥਿਤ ਪ੍ਰੇਮੀ ਨਾਲ ਰਲ ਕੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ। ਇਸ ਮਗਰੋਂ ਉਸ ਦੇ ਪਿਤਾ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਅਧਿਕਾਰੀ ਅਨੁਸਾਰ ਮ੍ਰਿਤਕ ਦਾ ਵਿਸਰਾ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਮੁਲਜ਼ਮ: ਨੂੰ ਹਿਰਾਸਤ ’ਚ ਲੈਣ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ
ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੇ ਵਸਨੀਕ ਨੌਜਵਾਨ ਵੱਲੋਂ ਇਸ ਸਾਲ ਜਨਵਰੀ ਮਹੀਨੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਲੈਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਨੇ ਦੱਸਿਆ ਕਿ ਲਲਿਤ ਕੁਮਾਰ ਵਾਸੀ ਪਲਾਟ ਨੰਬਰ 24 ਬਲਾਕ-ਬੀ 9 ਨੇੜੇ ਐੱਨ.ਟੀ.ਸੀ ਸਕੂਲ ਰਾਜਪੁਰਾ ਟਾਊਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਜਤਿਨ ਅਰੋੜਾ, ਵਿਨੀ ਇਲੈਕਟ੍ਰੋਨਿਕਸ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਹ 27 ਜਨਵਰੀ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਕਿਸੇ ਕੰਮ ਸਬੰਧੀ ਜਾ ਰਿਹਾ ਹੈ ਪ੍ਰੰਤੂ ਉਹ ਘਰ ਵਾਪਸ ਨਹੀਂ ਆਇਆ ਤੇ ਉਸ ਦੀ ਲਾਸ਼ 2 ਫਰਵਰੀ ਨੂੰ ਹਰਿਆਣਾ ਖੇਤਰ ਵਿੱਚ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਬਰਾਮਦ ਹੋਈ। ਸ਼ਿਕਾਇਤਕਰਤਾ ਅਨੁਸਾਰ ਵਿਨੀ ਇਲੈਕਟ੍ਰੋਨਿਕਸ ਦੇ ਮਾਲਕ ਵਰੁਣ ਮੁਟੇਜਾ ਵਾਸੀ ਮਕਾਨ ਨੰਬਰ ਐਫ-3/12 ਪਟੇਲ ਕਲੋਨੀ ਰਾਜਪੁਰਾ ਅਤੇ ਬਲਜਿੰਦਰ ਸਿੰਘ ਵਾਸੀ ਨੀਲਪੁਰ, ਉਸ ਦੇ ਲੜਕੇ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਇਨ੍ਹਾਂ ਤੋਂ ਤੰਗ ਆ ਕੇ ਜਤਿਨ ਅਰੋੜਾ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।