ਸੁਭਾਸ਼ ਚੰਦ
ਸਮਾਣਾ, 9 ਸਤੰਬਰ
ਇਥੋਂ ਦੀ ਪਾਰਸ ਕਲੋਨੀ ਦੇ ਵਸਨੀਕ ਤੇ ਤਿੰਨ ਲੜਕੀਆਂ ਦੇ ਪਿਤਾ ਨੇ ਮਿੱਤਰ ਲੜਕੀ ਵੱਲੋਂ ਬਲੈਕਮੇਲ ਕਰਨ ਤੋਂ ਤੰਗ ਆ ਕੇ ਜ਼ਹਿਰੀਲੀ ਵਸਤ ਨਿਗਲ ਲਈ ਤੇ ਆਤਮਹੱਤਿਆ ਕਰ ਲਈ। ਸਿਟੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਨੁਸਾਰ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਿਟੀ ਪੁਲੀਸ ਮੁਖੀ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਰਣਜੀਤ ਸਿੰਘ (28) ਪੁੱਤਰ ਮਿੱਠੂ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਪਤੀ ਟੈਕਸੀ ਚਾਲਕ ਹੋਣ ਕਰਕੇ ਰੋਜ਼ਾਨਾ ਪਟਿਆਲਾ ਦੇ ਇਕ ਪੀਜੀ ਵਿੱਚ ਜਾਂਦਾ ਸੀ। ਇਸ ਕਾਰਨ ਉੱਥੇ ਰਹਿੰਦੀ ਇਕ ਲੜਕੀ ਜੋ ਕਿ ਕੋਟਲਾ ਕਲਾਂ ਮਾਨਸਾ ਦੀ ਵਸਨੀਕ ਹੈ, ਨਾਲ ਉਸ ਦੇ ਸਬੰਧ ਬਣ ਗਏ। ਬਾਅਦ ਵਿੱਚ ਉਹ ਲੜਕੀ ਉਸ ਦੇ ਪਤੀ ਨੂੰ ਬਲੈਕਮੇਲ ਕਰਨ ਲੱਗ ਪਈ।
ਚਾਰ-ਪੰਜ ਦਿਨ ਬਾਹਰ ਰਹਿਣ ਉਪਰੰਤ ਉਸ ਦਾ ਪਤੀ 7 ਸਤੰਬਰ ਨੂੰ ਸਵੇਰੇ ਜਦੋਂ ਘਰ ਆਇਆ ਤਾਂ ਉਸ ਨੂੰ ਉਲਟੀ ਲੱਗ ਗਈ। ਉਸ ਦੇ ਪਤੀ ਨੇ ਦੱਸਿਆ ਕਿ ਲੜਕੀ ਤੋਂ ਤੰਗ ਆ ਕੇ ਉਸ ਨੇ ਕੋਈ ਜ਼ਹਿਰੀਲੀ ਵਸਤ ਨਿਗਲੀ ਹੈ। ਰਣਜੀਤ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਡਾਕਟਰਾਂ ਨੇ ਹਾਲਤ ਗੰਭੀਰ ਵੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਇਲਾਜ ਦੌਰਾਨ ਉਸ ਦੀ ਨਿੱਜੀ ਹਸਪਤਾਲ ਵਿੱਚ ਵੀਰਵਾਰ ਨੂੰ ਮੌਤ ਹੋ ਗਈ।
ਇਸ ਕੇਸ ਦੇ ਜਾਂਚ ਅਧਿਕਾਰੀ ਅਨੁਸਾਰ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।