ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਅਗਸਤ
ਸ਼ਹਿਰ ਦੇ ਹੀ ਕੁਝ ਵਿਅਕਤੀਆਂ ਤੋਂ ਕਥਿਤ ਤੌਰ ’ਤੇ ਤੰਗ ਹੋ ਕੇ ਹਰਮਨ ਨਗਰ ਪਾਤੜਾਂ ਦੇ ਇੱਕ ਵਿਅਕਤੀ ਨੇ ਬੀਤੀ ਰਾਤ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਹਾਲਤ ਵਿਗੜਨ ’ਤੇ ਇਲਾਜ ਲਈ ਜਦੋਂ ਉਸ ਨੂੰ ਪਟਿਆਲਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਉਸ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਮਿਲਿਆ ਜਿਸ ਦੇ ਆਧਾਰ ’ਤੇ ਪੁਲੀਸ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅਮਨਦੀਪ ਸਿੰਘ ਵਾਸੀ ਹਰਮਨ ਨਗਰ ਨੇ ਦੱਸਿਆ ਕਿ ਰਿੰਪੀ ਤੇ ਬਿੰਦਰ ਉਨ੍ਹਾਂ ਦੇ ਪਿਤਾ ਅੰਗਰੇਜ਼ ਸਿੰਘ ਨੂੰ ਕੁਝ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸਨ ਤੇ ਉਨ੍ਹਾਂ ਨੇ ਕਈ ਵਾਰ ਝਗੜਾ ਕੀਤਾ ਤੇ ਧਮਕੀਆਂ ਵੀ ਦਿੱਤੀਆਂ ਸਨ। ਅਖੀਰ ਨੂੰ ਦੁਖੀ ਹੋ ਕੇ ਉਨ੍ਹਾਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਵਾਰਸਾਂ ਤੇ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਅੰਗਰੇਜ਼ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਥਾਣੇਦਾਰ ਬੀਰਬਲ ਸ਼ਰਮਾ ਕਿਹਾ ਕਿ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਅਮਨਦੀਪ ਦੇ ਬਿਆਨਾਂ ਦੇ ਅਧਾਰ ਤੇ ਖ਼ੁਦਕੁਸ਼ੀ ਨੋਟ ਨੂੰ ਮੁੱਖ ਰੱਖਦਿਆਂ ਰਿੰਪੀ ਤੇ ਬਿੰਦਰ ਵਾਸੀ ਅਨਾਜ ਮੰਡੀ ਪਾਤੜਾਂ ਖਿਲਾਫ਼ ਕੇਸ ਦਰਜ ਕਰ ਕੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।