ਸੁਭਾਸ਼ ਚੰਦਰ
ਸਮਾਣਾ, 22 ਫਰਵਰੀ
ਇੱਥੋਂ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਮਰੋੜੀ ਵਿੱਚ ਸਹੁਰੇ ਪਿੰਡ ਰਹਿੰਦੇ ਇਕ ਵਿਅਕਤੀ ਵੱਲੋਂ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਲਿਆ ਗਿਆ।
ਮ੍ਰਿਤਕ ਗੁਰਚਰਨ ਸਿੰਘ (30) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭੂਤਗੜ੍ਹ ਹਾਲ ਆਬਾਦ ਪਿੰਡ ਮਰੋੜੀ ਦੇ ਭਰਾ ਜਸਵੀਰ ਸਿੰਘ ਵਾਸੀ ਪਿੰਡ ਭੂਤਗੜ੍ਹ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸ ਦੇ ਭਰਾ ਦਾ ਵਿਆਹ ਪਿੰਡ ਮਰੋੜੀ ਦੀ ਸਰਬਜੀਤ ਕੌਰ ਨਾਲ ਹੋਇਆ ਸੀ। ਤਿੰਨ-ਚਾਰ ਸਾਲ ਪਹਿਲਾਂ ਉਸ ਦੀ ਭਰਜਾਈ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਪਿੰਡ ਮਰੋੜੀ ਆ ਕੇ ਰਹਿਣ ਲੱਗੀ ਅਤੇ ਕਰੀਬ ਚਾਰ ਮਹੀਨੇ ਪਹਿਲਾਂ ਉਸ ਦਾ ਭਰਾ ਵੀ ਪਤਨੀ ਅਤੇ ਬੱਚਿਆਂ ਨਾਲ ਪਿੰਡ ਮਰੋੜੀ ਆ ਕੇ ਰਹਿਣ ਲੱਗਾ। ਐਤਵਾਰ ਸਵੇਰੇ ਉਨ੍ਹਾਂ ਨੂੰ ਗੁਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ। ਜਦੋਂ ਉਨ੍ਹਾਂ ਪਿੰਡ ਮਰੋੜੀ ਪਹੁੰਚ ਕੇ ਪੁਛਗਿੱਛ ਕੀਤੀ ਤਾਂ ਉਸ ਦੀ ਭਰਜਾਈ ਨੇ ਗੁਰਚਰਨ ਸਿੰਘ ਵੱਲੋਂ ਘਰ ਅੰਦਰ ਲੱਗੇ ਨਿੰਮ ਦੇ ਦਰਖ਼ਤ ਨਾਲ ਫਾਹਾ ਲਾਏ ਜਾਣ ਦੀ ਗੱਲ ਆਖੀ। ਉਪਰੰਤ ਉਸ ਨੇ ਭਰਾ ਦੀ ਹੱਤਿਆ ਦਾ ਸ਼ੱਕ ਜ਼ਾਹਿਰ ਕਰਦਿਆਂ ਥਾਣਾ ਸਦਰ ਦੀ ਪੁਲੀਸ ਨੂੰ ਸੂਚਨਾ ਦਿੱਤੀ। ਮਵੀਕਲਾਂ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਜਸਵੀਰ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਅਧਾਰ ’ਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।