ਪੱਤਰ ਪ੍ਰੇਰਕ
ਸਮਾਣਾ, 16 ਮਈ
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਇੱਕ ਵਿਅਕਤੀ ਨੇ ਘਰ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਟੀ ਪੁਲੀਸ ਦੇ ਏਐਸਆਈ ਪੂਰਨ ਸਿੰਘ ਨੇ ਦੱਸਿਆ ਕਿ ਮਿ੍ਤਕ ਜਸਵਿੰਦਰ ਸਿੰਘ (27) ਪੁੱਤਰ ਸੁਖਦੇਵ ਸਿੰਘ ਵਾਸੀ ਮਲਕਾਨਾ ਪੱਤੀ ਦੇ ਭਰਾ ਮਨਪ੍ਰੀਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੇ ਮਾਮੇ ਕੋਲ ਕੋਈ ਔਲਾਦ ਨਾ ਹੋਣ ਕਾਰਨ ਉਨ੍ਹਾਂ ਉਸ ਭਰਾ ਨੂੰ ਜਨਮ ਸਮੇਂ ਹੀ ਗੋਦ ਲੈ ਲਿਆ ਸੀ ਤੇ ਉਸ ਦਾ ਵਿਆਹ ਵੀ ਉਸ ਦੇ ਮਾਮਾ-ਮਾਮੀ ਨੇ ਹੀ ਕੀਤਾ ਸੀ। ਪਰ ਕੁਝ ਸਮੇਂ ਬਾਅਦ ਉਸ ਦਾ ਤਲਾਕ ਹੋ ਗਿਆ ਤੇ ਵਿਆਹ ਤੋਂ ਕੁਝ ਸਮਾਂ ਬਾਅਦ ਉਸ ਦੇ ਮਾਮਾ-ਮਾਮੀ ਦੀ ਵੀ ਮੌਤ ਹੋ ਗਈ। ਇਸ ਉਪਰੰਤ ਇਕੱਲਾ ਰਹਿਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ ਤੇ ਬੀਤੇ ਦਿਨੀ ਉਸ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।