ਪੱਤਰ ਪ੍ਰੇਰਕ
ਰਾਜਪੁਰਾ, 10 ਜੁਲਾਈ
ਇਸ ਖੇਤਰ ਦੇ ਤਿੰਨ ਪਿੰਡਾਂ ਮਦਨਪੁਰ, ਚਲਹੜੀ ਅਤੇ ਥੂਹਾ ਦੇ ਵਸੀਨਕ ਸੈਕੜੇ ਕਿਸਾਨਾਂ ਨੂੰ ਸੂਰਜਮੁਖੀ ਦਾ ਘਟੀਆ ਬੀਜ ਵੇਚਣ ਦੇ ਮਾਮਲੇ ਵਿੱਚ ਨਾਮਜ਼ਦ ਤਿੰਨ ਦੁਕਾਨਦਾਰਾਂ ਤੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਖ਼ਿਲਾਫ਼ ਕਾਰਵਾਈ ਅਤੇ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਥੋਂ ਦੇ ਫੁਹਾਰਾ ਚੌਕ ਵਿੱਚ ਕਿਸਾਨਾਂ ਦਾ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ। ਦੋ ਦਿਨ ਪਹਿਲਾਂ ਧਰਨੇ ਵਿੱਚ ਪੁੱਜ ਕੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸਮਰਥਨ ਦਿੱਤੇ ਜਾਣ ਮਗਰੋਂ ਅੱਜ ਭਾਜਪਾ ਵੀ ਕਿਸਾਨਾਂ ਦੇ ਹੱਕ ਵਿੱਚ ਡੱਟ ਗਈ। ਕਿਸਾਨ ਧਰਨੇ ਵਿੱਚ ਪੁੱਜੇ ਇਸ ਦੇ ਆਗੂਆਂ ਜਗਦੀਸ਼ ਕੁਮਾਰ ਜੱਗਾ, ਸੁਰਜੀਤ ਸਿੰਘ ਗੜ੍ਹੀ, ਪਰਦੀਪ ਨੰਦਾ, ਗਿਆਨੀ ਭੁਪਿੰਦਰ ਸਿੰਘ ਗੋਲੂ, ਅਜਮੇਰ ਸਿੰਘ ਕੋਟਲਾ, ਗੁਰਦੀਪ ਸਿੰਘ ਧਮੌਲੀ ਸਮੇਤ ਹੋਰਨਾਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁੜ ਸੜਕਾਂ ’ਤੇ ਆਉਣ ਲਈ ਮਜਬੂਰ ਹੈ। ਭਾਜਪਾ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਲੜੇ ਜਾ ਰਹੇ ਸੰਘਰਸ਼ ਵਿੱਚ ਪਾਰਟੀ ਉਨ੍ਹਾਂ ਨਾਲ ਹੈ।