ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 7 ਅਪਰੈਲ
ਅੱਜ ਦਿੱਤੂਪੁਰ ਦੇ ਪ੍ਰਾਈਵੇਟ ਗੋਲਡਨ ਏਰਾ ਸਕੂਲ ਅੱਗੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੱਧ ਫੀਸਾਂ ਲੈਣ ਖਿਲਾਫ਼ ਧਰਨਾ ਲਗਾਇਆ ਗਿਆ। ਮਾਪਿਆਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਵੱਧ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਵੈਨਚਰਜ਼ ਦੇ ਵੀ ਵੱਧ ਪੈਸੇ ਲਏ ਜਾ ਰਹੇ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਸਕੂਲ ਸਾਲਾਨਾ ਰਕਮ ਚਾਰਜ ਜਾਂ ਹੋਰ ਕੋਈ ਵਾਧੂ ਚਾਰਜ ਨਹੀਂ ਲਗਾ ਸਕਦੇ ਪਰ ਸਕੂਲ ਵੱਲੋਂ ਮਹੀਨਾਵਾਰ ਫੀਸ ਲੈਣ ਦੇ ਨਾਲ ਨਾਲ ਸਾਲਾਨਾ ਵਾਧੂ ਫੀਸ ਵੀ ਲਈ ਹੈ।
ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵਰਦੀਆਂ ਤੇ ਕਿਤਾਬਾਂ ਵੀ ਚਹੇਤੇ ਦੁਕਾਨਦਾਰਾਂ ਤੋਂ ਖ਼ਰੀਦਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਦੋ ਕਿਲੋਮੀਟਰ ਦੇੇੇ ਘੇਰੇ ’ਚ ਆਉਂਦੇ ਪਿੰਡਾਂ ਦੇ ਬੱਚਿਆਂ ਤੋਂ ਵੀ 1200 ਰੁਪਏ ਵੈਨ ਚਾਰਜਿਜ਼ ਲਏ ਜਾ ਰਹੇ ਹਨ ਇਸ ਤੋਂ ਵੱਧ ਕਿਲੋਮੀਟਰ ਦੇ ਦਾਇਰੇ ਅੰਦਰ ਵੀ ਵੱਧ ਤੋਂ ਵੱਧ ਵੈਨ ਚਾਰਜ ਲਏ ਜਾ ਰਹੇ ਹਨ, ਜੋ ਸਰਾਸਰ ਗ਼ਲਤ ਹਨ। ਇਸ ਦੌਰਾਨ ਸਕੂਲ ਦੇ ਮਾਪਿਆਂ ਵੱਲੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਥਾਣਾ ਮੁਖੀ ਸਬ ਇੰਸਪੈਕਟਰ ਰਾਜਵਿੰਦਰ ਕੌਰ, ਨਾਭਾ ਹਲਕੇ ਦੇ ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਤੇ ਨਰਿੰਦਰ ਜੋਸ਼ੀ ਵੀ ਪੁੱਜੇ।
ਸਕੂਲ ਦੇ ਪ੍ਰਿੰਸੀਪਲ ਵਿਸ਼ਵ ਰੁਚੀ ਨੇ ਕਿਹਾ ਕਿ ਰਿਜ਼ਲਟ ਜਾਰੀ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਕਿਤਾਬਾਂ ਦੀਆਂ ਲਿਸਟਾਂ ਸਕੂਲ ਦੇ ਨੋਟਿਸ ਬੋਰਡ ’ਤੇ ਲਗਾ ਦਿੱਤੀਆਂ ਸਨ ਤਾਂ ਕਿ ਮਾਪੇ ਕਿਤਾਬਾਂ ਕਿਤੋਂ ਵੀ ਖਰੀਦ ਸਕਦੇ ਹਨ। ਸਕੂਲ ਵੱਲੋਂ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਡਰੈੱਸ ਵਗੈਰਾ ਖ਼ਰੀਦਣ ਲਈ ਨਹੀਂ ਕਿਹਾ ਜਾਂਦਾ। ਵਧੀਆਂ ਫੀਸਾਂ ਅਤੇ ਵੈਨ ਚਾਰਜਿਜ਼ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜ ਮੈਂਬਰੀ ਕਮੇਟੀ ਬਣਾ ਕੇ ਅਤੇ ਮੈਨੇਜਮੈਂਟ ਕਮੇਟੀ ਦੇ ਨਾਲ ਤਾਲਮੇਲ ਕਰਕੇ ਇਹ ਮਾਮਲੇ ਦਾ ਹੱਲ ਕੀਤਾ ਜਾਵੇਗਾ। ਸਕੂਲ ਵੱਲੋਂ ਵਧੀਆਂ ਫੀਸਾਂ ਨਹੀਂ ਲਈਆਂ ਜਾ ਰਹੀਆਂ।