ਰਵੇਲ ਸਿੰਘ ਭਿੰਡਰ
ਪਟਿਆਲਾ, 6 ਜੁਲਾਈ
ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵੀਜ਼ੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਅੱਜ ਨਿਊ ਮੋਤੀ ਬਾਗ ਪੈਲੇਸ ਵੱਲ ਰੋਸ ਮਾਰਚ ਕੀਤਾ ਤੇ ਪੋਲੋ ਗਰਾਊਂਡ ਨੇੜੇ ਅਧਿਕਾਰੀਆਂ ਨੇ ਵਿਦਿਆਰਥੀਆਂ ਤੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਹਾਸਲ ਕਰਕੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਵਿਦਿਆਰਥੀਆਂ ਦਾ ਗਿਲਾ ਸੀ ਕਿ ਕਰੋਨਾ ਦੇ ਦੌਰ ਵਿੱਚ ਉਹ ਵਿਦੇਸ਼ ਜਾ ਕੇ ਪੜ੍ਹਾਈ ਨਹੀਂ ਕਰ ਸਕਦੇ ਤੇ ਉਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਮੁੱਕਣ ਕਿਨਾਰੇ ਹੈ। ਉਨ੍ਹਾਂ ਆਖਿਆ ਕਿ ਵੀਜ਼ੇ ਖਤਮ ਹੋਣ ਮਗਰੋਂ ਹੁਣ ਵਿਦੇਸ਼ੀ ਸਿੱਖਿਆ ਸੰਸਥਾਵਾਂ ਧੱਕੇ ਨਾਲ ਆਨਲਾਈਨ ਪੜ੍ਹਾਈ ਲਈ ਮਜ਼ਬੂਰ ਕਰ ਰਹੀਆਂ ਹਨ ਜਿਸ ਕਾਰਨ ਉਹ ਮਾਨਸ਼ਿਕ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ। ਪੀੜਤ ਵਿਦਿਆਰਥੀਆਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਦਾ ਟਰੈਵਲ ਕਰਨਾ ਸੰਭਵ ਨਹੀਂ ਹੈ ਤਾਂ ਸਿੱਖਿਆ ਸੰਸਥਾਵਾਂ ਦੀ ਫੀਸ, ਸਫਾਰਤਖਾਨਾ ਫੀਸ ਅਤੇ ਬੀਮਾ ਫੀਸ ਬਿਨਾਂ ਕੋਈ ਕਟੌਤੀ ਤੋਂ ਵਾਪਸ ਕੀਤੀ ਜਾਵੇ। ਜਿਹੜੇ ਵਿਦਿਆਰਥੀ ਇੱਕ ਜਾਂ ਦੋ ਸਮੈਸਟਰ ਦੇ ਕੇ ਭਾਰਤ ’ਚ ਫਸ ਗਏ ਹਨ, ਉਨ੍ਹਾਂ ਦੀ ਪੂਰੀ ਫੀਸ ਵਾਪਸ ਹੋਣੀ ਚਾਹੀਦੀ ਹੈ।
ਵੋਕੇਸ਼ਨਲ ਅਧਿਆਪਕਾਂ ਨੇ ਛੱਲੀਆਂ ਵੇਚੀਆਂ
ਇਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੋਲ ਪਿਛਲੇ 28 ਦਿਨਾਂ ਤੋਂ ਪੱਕਾ ਮੋਰਚੇ ਲਗਾਈ ਬੈਠੇ ਐੱਨਐੱਸਕਿਊਐੱਫ਼ ਵੋਕੇਸ਼ਨਲ ਅਧਿਆਪਕਾਂ ਨੇ ਅੱਜ ਰਾਹਗੀਰਾਂ ਨੂੰ ਛੱਲੀਆਂ ਵੇਚ ਕੇ ਰੋਸ ਪ੍ਰਦਰਸ਼ਨ ਕੀਤਾ। ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਨੇ ਦੱਸਿਆ ਕਿ ਰੋਜ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਅੱਜ ਪੱਕੇ ਮੋਰਚੇ ਦੇ ਨੇੜੇ ਪੈਂਦੇ ਚੌਕ ’ਚ ਸੰਘਰਸ਼ੀ ਕਰਮੀਆਂ ਨੇ ਰਾਹਗੀਰਾਂ ਨੂੰ ਛੱਲੀਆਂ ਵੇਚੀਆਂ ਤੇ ਇਕੱਤਰ ਹੋਈ ਰਕਮ ਨੂੰ ਸਰਕਾਰ ਦੇ ਖਜ਼ਾਨੇ ’ਚ ਜਮ੍ਹਾਂ ਕਰਵਾਉਣ ਦਾ ਫੈਸਲਾ ਲਿਆ ਗਿਆ।