ਰਵੇਲ ਸਿੰਘ ਭਿੰਡਰ
ਪਟਿਆਲਾ, 25 ਜਨਵਰੀ
ਪੰਜਾਬੀ ਯੂਨੀਵਰਸਿਟੀ ਕਰਮਚਾਰੀ ਸੰਘ (ਨਾਨ-ਟੀਚਿੰਗ ਸਟਾਫ) ਵੱਲੋਂ ਕਰਮਚਾਰੀ ਮੰਗਾਂ ਸਬੰਧੀ ਸ਼ੁਰੂ ਕੀਤਾ ਸੰਘਰਸ਼ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਅੱਜ ਸਵੇਰੇ ਕਰਮਚਾਰੀਆਂ ਵੱਲੋਂ ਕੈਂਪਸ ਵਿਚਲੇ ਦਫਤਰ ਬੰਦ ਕਰਕੇ ਸਾਰਾ ਦਿਨ ਰਜਿਸਟਰਾਰ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਕਰਮਚਾਰੀ ਜੱਥੇਬੰਦੀਆਂ ਦੇ ਨੇਤਾਵਾਂ ਸੰਬੋਧਨ ਕਰਦਿਆਂ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨਣ ’ਤੇ ਜ਼ੋਰ ਦਿੱਤਾ ਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਸਵੇਰੇ ਨਾਨ-ਟੀਚਿੰਗ ਕਰਮਚਾਰੀਆਂ ਨੇ ਧਰਨੇ ਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਘ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਰਿਲੀਵ ਕੀਤੇ ਤਿੰਨਾਂ ਕਰਮਚਾਰੀਆਂ ਜਿੰਨਾਂ ਦਾ ਕੋਈ ਕਸੂਰ ਨਹੀਂ ਸੀ, ਨੂੰ ਤੁਰੰਤ ਬਹਾਲ ਕੀਤਾ ਜਾਵੇ, ਤਨਖਾਹ ਤੇ ਪੀ.ਐਫ. ਦੀ ਕਟੌਤੀ ਦੇ ਪੈਸੇ ਤੁਰੰਤ ਖਾਤਿਆਂ ਵਿੱਚ ਪਾਏ ਜਾਣ, ਐਡਹਾਕ, ਕੰਟਰੈਕਟ, ਦਿਹਾੜੀਦਾਰਾਂ, ਕਰਮਚਾਰੀਆਂ ਦੀ ਨਿਯੁਕਤੀ ਦੀ ਮਿਆਦ ’ਚ ਪਹਿਲਾਂ ਦੀ ਤਰਾਂ ਵਾਧਾ ਕੀਤਾ ਜਾਵੇ। ਇਸ ਮੌਕੇ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਸੰਘਰਸ਼ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਸਫਾਈ ਸੇਵਕ ਯੂਨੀਅਨ ਨੇ ਧਰਨੇ ਨੂੰ ਸਮਰਥਨ ਦਿੱਤਾ ਤੇ ਕਿਹਾ ਕਿ ਉਹ 27 ਜਨਵਰੀ ਤੋਂ ਸਫਾਈ ਦੇ ਕੰਮ ਬੰਦ ਕਰਕੇ ਧਰਨੇ ਵਿੱਚ ਸ਼ਾਮਲ ਹੋਣਗੇ।
ਐਕਸ਼ਨ ਕਮੇਟੀ ਵੱਲੋਂ ਗਣਤੰਤਰ ਦਿਵਸ ’ਤੇ ਰੋਸ ਮਾਰਚ ਕਰਨ ਦਾ ਐਲਾਨ
ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਦਿੱਤੇ ਰੋਸ ਧਰਨੇ ਦੌਰਾਨ ਮਸਲੇ ਦਾ ਹੱਲ ਨਾ ਹੋਣ ’ਤੇ ਅੱਜ ਸਖ਼ਤ ਫੈਸਲਾ ਲੈਂਦਿਆਂ ਐਲਾਨ ਕੀਤਾ ਗਿਆ ਕਿ ਐਕਸ਼ਨ ਕਮੇਟੀ ਵੱਲੋਂ ਭਲਕੇ 26 ਜਨਵਰੀ ਦੇ ਗਣਤੰਤਰ ਦਿਹਾੜੇ ਨੂੰ ਯੂਨੀਵਰਸਿਟੀ ਕੈਂਪਸ ’ਚ ਰੋਸ ਮਾਰਚ ਕਰਕੇ ਮਨਾਇਆ ਜਵੇਗਾ ਤੇ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਜਲਸਾ ਕੀਤਾ ਜਾਏਗਾ। ਇਹ ਰੋਸ ਪ੍ਰੋਗਰਾਮ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਸਮੇਤ ਯੂਨੀਵਰਸਿਟੀ ਨੂੰ ਵਿੱਤੀ ਗਰਾਂਟ ਜਾਰੀ ਕਰਨ ਤੇ ਖੁਦਮੁਖਤਿਆਰੀ ਦੀ ਬਹਾਲੀ ਆਦਿ ਸਮੇਤ ਮੰਗਾਂ ਤੇ ਮਸਲਿਆਂ ’ਤੇ ਕੀਤਾ ਜਾਏਗਾ। ਜੁਆਇੰਟ ਐਕਸ਼ਨ ਕਮੇਟੀ ਨੇ ਆਖਿਆ ਕਿ ਕਾਰਜਕਾਰੀ ਵਾਈਸ-ਚਾਂਸਲਰ ਵਲੋਂ ਯੂਨੀਵਰਸਿਟੀ ਦੇ ਤਿੰਨ ਕਰਮਚਾਰੀਆਂ ਨੂੰ ਜਲਦ ਬਹਾਲ ਕਰਨਾ ਚਾਹੀਦਾ ਹੈ ਤੇ ਜੁਆਇੰਟ ਐਕਸ਼ਨ ਕਮੇਟੀ ਕੱਢੇ ਹੋਏ ਮੁਲਾਜਮਾਂ ਦੀ ਬਹਾਲੀ ਲਈ ਲੜ ਰਹੀਆਂ ਚੁਣੀਆਂ ਹੋਈਆਂ ਧਿਰਾਂ ਨਾਲ ਖੜ੍ਹੀ ਹੈ।