ਪੱਤਰ ਪ੍ਰੇਰਕ
ਸਮਾਣਾ, 18 ਸਤੰਬਰ
ਸਦਰ ਪੁਲੀਸ ਨੇ ਤਿੰਨ ਵੱਖ ਵੱਖ ਮਾਮਲਿਆਂ ਵਿੱਚ 100 ਲਿਟਰ ਲਾਹਣ, 8 ਕਿਲੋ ਭੁੱਕੀ ਅਤੇ 1950 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਜਦੋਂਕਿ ਔਰਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਈ। ਪੁਲੀਸ ਨੇ ਤਿੰਨੇ ਮੁਲਜ਼ਮਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇਕ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਪਿੰਡ ਅਚਰਾਲ ਖੁਰਦ, ਕੇਸਰ ਸਿੰਘ ਵਾਸੀ ਪਿੰਡ ਢੈਂਠਲ ਤੇ ਫ਼ਰਾਰ ਮੁਲਜ਼ਮ ਔਰਤ ਦੀ ਪਛਾਣ ਅਜਮੇਰ ਕੌਰ ਵਾਸੀ ਪਿੰਡ ਅਚਰਾਲ ਖੁਰਦ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਸਦਰ ਪੁਲੀਸ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਏਐੱਸਆਈ ਸ਼ਮਸ਼ੇਰ ਸਿੰਘ ਨੇ ਜਦੋਂ ਪਿੰਡ ਕਲਬੁਰਛਾਂ ਕੋਲ ਪੁਲੀਸ ਪਾਰਟੀ ਸਣੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਅਜਮੇਰ ਕੌਰ ਪਤਨੀ ਸੀਤਾ ਸਿੰਘ ਜੋ ਘਰ ਵਿੱਚ ਨਾਜਾਇਜ਼ ਸ਼ਰਾਬ ਕਸ਼ੀਦਕੇ ਵੇਚਣ ਦੀ ਆਦੀ ਹੈ, ਦੇ ਘਰ ਛਾਪਾ ਮਾਰ ਕੇ ਮੌਕੇ ’ਤੇ 100 ਲੀਟਰ ਲਾਹਨ ਬਰਾਮਦ ਕੀਤੀ। ਜਦੋਂਕਿ ਮੁਲਜ਼ਮ ਔਰਤ ਮੌਕੇ ਤੋਂ ਫ਼ਰਾਰ ਹੋ ਗਈ।
ਇਸੇ ਤਰ੍ਹਾਂ ਸਦਰ ਪੁਲੀਸ ਦੇ ਏਐਸਆਈ ਜਸਵਿੰਦਰ ਸਿੰਘ ਸਣੇ ਪੁਲੀਸ ਪਾਰਟੀ ਟੌਲ ਪਲਾਜ਼ਾ ਨੇੜੇ ਭਾਖੜਾ ਨਹਿਰ ਦੀ ਪਟੜੀ ’ਤੇ ਗਸ਼ਤ ਕਰ ਰਹੇ ਸਨ, ਤਾਂ ਇਸ ਦੌਰਾਨ ਇੱਕ ਨੌਜਵਾਨ ਹੱਥ ਵਿੱਚ ਪਲਾਸਟਿਕ ਦਾ ਥੈਲਾ ਫੜੀ ਆ ਰਿਹਾ ਸੀ ਜਿਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਥੈਲੇ ਵਿੱਚੋਂ ਅੱਠ ਕਿਲੋ ਭੁੱਕੀ ਬਰਾਮਦ ਹੋਈ। ਜਿਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।
ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਏਐਸਆਈ ਗੁਰਦੇਵ ਸਿੰਘ ਨੇ ਪਿੰਡ ਨਮਾਦਾ ਨੇੜੇ ਪਿੰਡ ਬਿਸਨਪੁਰਾ ਸੂਏ ਦੀ ਪਟੜੀ ’ਤੇ ਆ ਰਹੇ ਇਕ ਨੌਜਵਾਨ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 1950 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।