ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਗਸਤ
ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਦੇ ਠੇਕਾ ਆਧਾਰਿਤ ਅਤੇ ਆਊਟ ਸੋਰਸਜ਼ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਹੜਤਾਲ਼ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਨ੍ਹਾਂ 425 ਹੜਤਾਲ਼ੀ ਮੁਲਾਜ਼ਮਾਂ ਵਿੱਚੋਂ 88 ਕੰਟਰੈਕਟ ’ਤੇ ਅਤੇ 104 ਆਊਟ ਸੋਰਸਿੰਗ ’ਤੇ ਵਾਲੇ ਹਨ, 230 ਕਰੋਨਾ ਵਾਲੰਟੀਅਰ ਹਨ। ਇਨ੍ਹਾਂ ਵੱਲੋਂ ਇਸ ਹੜਤਾਲ਼ ਦੌਰਾਨ ਐਮਰਜੈਂਸੀ ਡਿਊਟੀਆਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ। ਇਨ੍ਹਾਂ ਨੂੰ ਸੰਸਥਾਵਾਂ ਦੇ ਰੈਗੂਲਰ ਮੁਲਾਜ਼ਮਾਂ ਦਾ ਸਮਰਥਨ ਵੀ ਹਾਸਲ ਹੈ।
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਹੜਤਾਲ਼ ’ਤੇ ਚੱਲ ਰਹੇ ਇਨ੍ਹਾਂ ਨਰਸਿੰਗ, ਪੈਰਾ-ਮੈਡੀਕਲ ਅਤੇ ਦਰਜਾ ਚਾਰ ’ਤੇ ਆਧਾਰਿਤ ਮੁਲਾਜ਼ਮਾਂ ਨੇ ਅੱਜ ਪਹਿਲਾਂ ਹਸਪਤਾਲ ਕੰਪਲੈਕਸ ’ਚ ਰੋਸ ਰੈਲੀ ਕੀਤੀ। ਇਸ ਮਗਰੋਂ ਉਨ੍ਹਾਂ ਨੇ ਸ਼ੇਰਾਂਵਾਲ਼ਾ ਗੇਟ ’ਤੇ ਧਰਨਾ ਲਾ ਕੇ ਆਵਜਾਈ ਰੋਕੀ। ਇਸ ਦੌਰਾਨ ਧਰਨੇ ’ਚ ਪੁੱਜੇ ਤਹਿਸੀਲਦਾਰ ਜੀਵਨ ਕੁਮਾਰ ਗਰਗ ਵੱਲੋਂ ਮੰਗ ਪੱਤਰ ਹਾਸਲ ਕਰਨ ਮਗਰੋਂ ਤੇ ਕੈਬਨਿਟ ਮੰਤਰੀ ਸੋਨੀ ਨਾਲ ਮੀਟਿੰਗ ਮੁਕੱਰਰ ਹੋਣ ’ਤੇ ਉਨ੍ਹਾਂ ਨੇ ਧਰਨਾ ਸਮਾਪਤ ਕਰ ਦਿੱਤਾ, ਪਰ ਹੜਤਾਲ਼ ਜਾਰੀ ਰਹੇਗੀ।
ਅੱਜ ਦੀ ਇਸ ਧਰਨੇ ਨੂੰ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਹਸਪਤਾਲ ਇਕਾਈ ਦੇ ਪ੍ਰਧਾਨ ਰਾਮ ਕਿਸ਼ਨ, ਕੁਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਤੇ ਅਰੁਣ ਕੁਮਾਰ ਸਣੇ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ। ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਗੁਰਲਾਲ ਸਿੰਘ, ਕਿਸ਼ੋਰ ਕੁਮਾਰ ਟੋਨੀ, ਰਾਜੇਸ਼ ਕੁਮਾਰ ਗੋਲੂ, ਅਜੈ ਕੁਮਾਰ ਸੀਪਾ, ਗੁਰਬੀਰ ਸਿੰਘ, ਕੁਲਵਿੰਦਰ ਸਿੰਘ ਅਤੇ ਸ਼ਮਸ਼ਾਦ ਅਲੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਬੁਲਾਰਿਆਂ ਨੇ ਕਿਹਾ ਕਿ ਤਿੱਖੇ ਸੰਘਰਸ਼ ਦੌਰਾਨ ਸਰਕਾਰ ਨੇ 2019 ’ਚ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ ਪਰ ਸਾਢੇ ਪੰਜ ਸੌ ਦੇ ਕਰੀਬ ਨਰਸਿੰਗ ਸਟਾਫ ਨੂੰ ਹੀ ਰੈਗੂਲਰ ਕਰ ਕੀਤਾ ਗਿਆ, ਬਾਕੀਆਂ ਨੂੰ ਨਹੀਂ। ਇਸ ਕਰ ਕੇ ਹੁਣ ਉਨ੍ਹਾਂ ਨੂੰ ਮੁੜ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਇਸੇ ਦੌਰਾਨ ਇਸ ਧਰਨੇ ਦੌਰਾਨ ਅੱਜ ਵੀ ਪੁਲੀਸ ਫੋਰਸ ਤਾਇਨਾਤ ਰਹੀ। ਇਸ ਦੀ ਅਗਵਾਈ ਡੀਐਸਪੀ ਸਿਟੀ-1 ਹੇਮੰਤ ਸ਼ਰਮਾ ਕਰ ਰਹੇ ਸਨ।
‘2364 ਈਟੀਟੀ ਅਧਿਆਪਕਾਂ ਯੂਨੀਅਨ’ ਦਾ ਪੱਕਾ ਮੋਰਚਾ ਜਾਰੀ
ਪਟਿਆਲਾ: ਅੱਠ ਮਹੀਨੇ ਪਹਿਲਾਂ ਸਾਰੀਆਂ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ ’ਤੇ ਹੋਈ ਸਿਲੈਕਸ਼ਨ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਨਾ ਜਾਰੀ ਕਰਨ ਦੇ ਰੋਸ ਵਜੋਂ ‘2364 ਈਟੀਟੀ ਅਧਿਆਪਕਾਂ ਯੂਨੀਅਨ’ ਵੱਲੋਂ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜਲੇ ਬੱਸ ਸਟੈਂਡ ’ਤੇ ਡੇਢ ਮਹੀਨੇ ਤੋਂ ਲਾਇਆ ਪੱਕਾ ਮੋਰਚਾ ਜਾਰੀ ਹੈ। ਇਸ ਦੌਰਾਨ ਅੱਜ ਵੀ ਦਿਨ ਭਰ ਕੀਤੀਆਂ ਤਕਰੀਰਾਂ ਦੌਰਾਨ ਸਰਕਾਰ ਨੂੰ ਖ਼ੂਬ ਭੰਡਿਆ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਨਿਯੁਕਤੀ ਪੱਤਰ ਪ੍ਰਾਪਤ ਕਰਨ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ 31 ਅਗਸਤ ਲਈ ਮੁੱਖ ਮੰਤਰੀ ਦੇ ਓਐਸਡੀ ਦੇ ਐਮਪੀ ਸਿੰਘ ਨਾਲ਼ ਮੁਕੱਰਰ ਹੋਈ ਮੀਟਿੰਗ ਜੇ ਬੇਸਿੱਟਾ ਰਹੀ ਤਾਂ ਉਹ ਹੋਰ ਵੀ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।