ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਪਰੈਲ
ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ‘ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ’ (ਪੀਸੀਐੱਮਐੱਸਏ) ਪੰਜਾਬ ਵੱਲੋਂ ਅੱਜ ਰਾਜ ਭਰ ਦੇ ਸਮੂਹ ਸਰਕਾਰੀ ਹਸਪਤਾਲਾਂ ਅਤੇ ਜਨਤਕ ਸਿਹਤ ਸੰਭਾਲ ਕੇਂਦਰਾਂ ਵਿੱਚ ਹੜਤਾਲ ਕੀਤੀ ਗਈ। ਭਾਵੇਂ ਇਹ ਹੜਤਾਲ ਅੱਜ ਦਿਨ ਭਰ ਲਈ ਉਲੀਕੀ ਗਈ ਸੀ ਪਰ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰ ਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਕਰਕੇ ਜਥੇਬੰਦੀ ਨੇ ਇਹ ਹੜਤਾਲ ਦੋ ਘੰਟਿਆਂ ਲਈ ਹੀ ਕੀਤੀ। ਇਸ ਦੌਰਾਨ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ ਗਿਆ। ਇਸੇ ਕੜੀ ਵਜੋਂ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਸਥਿਤ ਮਾਤਾ ਕੁਸ਼ੱਲਿਆ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਰੈਲੀ ਕੀਤੀ ਗਈ ਜਿਸ ਦੌਰਾਨ ਡਾ. ਸੁਮੀਤ ਸਿੰਘ, ਡਾ. ਹਰਿੰਦਰ ਗਿੱਲ, ਡਾ. ਨਿਧੀ ਸ਼ਰਮਾ, ਡਾ. ਬਿਮਲਜੋਤ ਸਿੰਘ ਤੇ ਡਾ. ਜ਼ੋਰਾਵਰ ਸਿੰਘ ਸਮੇਤ ਹੋਰਾਂ ਨੇ ਵੀ ਸ਼ਿਰਕਤ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਈਐੱਸਆਈ ਹਸਪਤਾਲ ਹੁਸ਼ਿਆਰਪੁਰ ਦੇ ਐੱਸਐੱਮਓ ਡਾ. ਸੁਨੀਲ ਭਗਤ ਦੀ ਇੱਕ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।
ਇਸ ਦੌਰਾਨ ਪੀਸੀਐੱਮਐੱਸਏ ਦੀ ਪਟਿਆਲਾ ਯੂਨਿਟ ਨੇ ਹੁਸ਼ਿਆਰਪੁਰ ਦੀ ਘਟਨਾ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਦੀ ਮੰਗ ਕਰਦਿਆਂ ਰਾਜ ਦੇ ਸਾਰੇ ਜਨਤਕ ਸਿਹਤ ਕੇਂਦਰਾਂ ’ਤੇ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਦੁਹਰਾਈ। ਪ੍ਰਾਈਵੇਟ ਡਾਕਟਰਾਂ ਦੀ ਜਥੇਬੰਦੀ ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ ਨੇ ਵੀ ਇਕ ਘੰਟੇ ਲਈ ਆਪਣੇ ਕਲੀਨਿਕ ਬੰਦ ਰੱਖਦਿਆਂ ਸਰਕਾਰੀ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਨਾਲ ਹੀ ਲੈਬ ਟੈਕਨੀਸ਼ੀਅਨ ਯੂਨੀਅਨ ਨੇ ਵੀ ਸਾਥ ਦਿੱਤਾ।