ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 2 ਨਵੰਬਰ
ਇੱਥੋਂ ਦੀ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਝੋਨੇ ਦੀ ਖ਼ਰੀਦ ਨਾ ਕੀਤੇ ਜਾਣ ਤੋਂ ਰੋਸ ਵਿੱਚ ਆਏ ਸੈਂਕੜੇ ਕਿਸਾਨਾਂ ਨੇ ਅਨਾਜ ਮੰਡੀ ਦੇ ਸਾਹਮਣੇ ਪਟਿਆਲਾ ਰੋਡ ’ਤੇ ਸੜਕੀ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ।
ਜਾਣਕਾਰੀ ਮੁਤਾਬਕ ਧਰਨਾਕਾਰੀ ਕਿਸਾਨ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕੀਤੇ ਜਾਣ ਦੀ ਮੰਗ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੱਖ ਸਕੱਤਰ ਰਾਹੁਲ ਭੰਡਾਰੀ ਦੀ ਫੇਰੀ ਦੌਰਾਨ ਇੱਕ ਆੜ੍ਹਤੀ ਵੱਲੋਂ ਬਿਨਾਂ ਸਫ਼ਾਈ ਕੀਤੇ ਝੋਨੇ ਦੀ ਬੋਰੀਆਂ ਵਿੱਚ ਭਰਤੀ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਪ੍ਰਮੁੱਖ ਸਕੱਤਰ ਨੇ ਸਬੰਧਤ ਖਰੀਦ ਏਜੰਸੀ ਵੇਅਰਹਾਊਸ ਦੇ ਇੰਸਪੈਕਟਰ ਅਤੇ ਆੜ੍ਹਤੀ ਖਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ।
ਇਸ ’ਤੇ ਕਾਰਵਾਈ ਕਰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਉਕਤ ਆੜ੍ਹਤੀ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ਜਾਰੀ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਦੁਪਹਿਰ ਆੜ੍ਹਤੀਆਂ ਵੱਲੋਂ ਹੜਤਾਲ ਕਰ ਦਿੱਤੀ ਗਈ ਜਿਸ ਕਾਰਨ ਝੋਨੇ ਦੀ ਖਰੀਦ ਠੱਪ ਹੋ ਗਈ।
ਆੜ੍ਹਤੀ ਖਿਲਾਫ਼ ਕਾਰਵਾਈ ਵਾਪਸ ਲੈਣ ਦਾ ਭਰੋਸਾ ਦੇਣ ’ਤੇ ਆੜ੍ਹਤੀਆਂ ਨੇ ਹੜਤਾਲ ਖ਼ਤਮ ਕੀਤੀ
ਝੋਨੇ ਦੀ ਖ਼ਰੀਦ ਨਾ ਹੋਣ ਤੇ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਨੇ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਪਟਿਆਲਾ ਰੋਡ ’ਤੇ ਜਾਮ ਲਗਾ ਦਿੱਤਾ। ਸ਼ਾਮ ਵੇਲੇ ਨਿਊ ਗਰੇਨ ਮਾਰਕੀਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਦੀ ਅਗਵਾਈ ਵਿੱਚ ਆੜ੍ਹਤੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇੱਥੋਂ ਦੇ ਮਿਨੀ ਸਕੱਤਰੇਤ ਵਿੱਚ ਮਿਲਿਆ ਅਤੇ ਆੜ੍ਹਤੀ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਵਾਪਸ ਲੈਣ ਦੀ ਮੰਗ ਕੀਤੀ। ਰੁਪਿੰਦਰ ਸਿੰੰਘ ਰੂਬੀ ਨੇ ਦੱਸਿਆ ਕਿ ਡੀਸੀ ਪਟਿਆਲਾ ਵੱਲੋਂ ਉਨ੍ਹਾਂ ਨੂੰ ਆੜ੍ਹਤੀ ਖਿਲਾਫ਼ ਕਾਰਵਾਈ ਵਾਪਸ ਲੈਣ ਦਾ ਭਰੋਸਾ ਦਿੱਤੇ ਜਾਣ ’ਤੇ ਆੜ੍ਹਤੀਆਂ ਨੇ ਹੜਤਾਲ ਖਤਮ ਕਰ ਕੇ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਹੀ ਕਿਸਾਨਾਂ ਵੱਲੋਂ ਵੀ ਸੜਕ ’ਤੇ ਲਾਇਆ ਜਾਮ ਖੋਲ੍ਹ ਦਿੱਤਾ ਗਿਆ।