ਖੇਤਰੀ ਪ੍ਰਤੀਨੀਧ
ਪਟਿਆਲਾ, 12 ਅਕਤੂਬਰ
ਪੁਲੀਸ ਨੇ ਅੱਜ ਛੁੱਟੀ ਵੇਲੇ ਵਿੱਦਿਅਕ ਅਦਾਰਿਆਂ ਨੇੜੇ ਖ਼ਰਮਸਤੀਆਂ ਕਰਨ ਵਾਲੇ ਮਨਚਲਿਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਨਾਕੇ ਲਾਏ। ਜਾਣਕਾਰੀ ਮੁਤਾਬਿਕ ਹਲਕਾ ਸਨੌਰ ਦੇ ਕਸਬਾ ਬਹਾਦਰਗੜ੍ਹ ਅਤੇ ਹੋਰ ਥਾਈਂ ਡੀਐੱਸਪੀ ਰੂਰਲ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਾਂ ਲਾਏ ਗਏ ਅਚਨਚੇਤੀ ਨਾਕਿਆਂ ਕਾਰਨ ਅੱਜ ਕਈ ਘੰਟਿਆਂ ਤੱਕ ਅਜਿਹੇ ਮਨਚਲਿਆਂ ਦੀ ਸ਼ਾਮਤ ਆਈ ਰਹੀ। ਇਸ ਕਾਰਵਾਈ ਦੌਰਾਨ ਤੀਹਰੀ ਸਵਾਰੀ, ਹੈਲਮੇਟ ਵਿਹੂਣੇ ਅਤੇ ਖਾਸ ਕਰਕੇ ਬੁਲੇਟ ਮੋਟਰਸਾਈਕਲਾਂ ’ਚ ਜਗਾੜੂ ਢੋਲਕੀਆਂ ਫਿੱਟ ਕਰਨ ਵਾਲੇ ਕਈ ਮੋਟਰਸਾਈਕਲ ਸਵਾਰਾਂ ਅਤੇ ਹੋਰਾਂ ਦੇ ਚਲਾਨ ਕੀਤੇ ਗਏ। ਡੀਐੱਸਪੀ ਗੁਰਦੇਵ ਧਾਲੀਵਾਲ ਨੇ ਦੱਸਿਆ ਕਿ ਇਸ ਦੌਰਾਨ ਕਰੀਬ ਇੱਕ ਦਰਜਨ ਬੁਲੇਟ ਮੋਟਰਸਾਈਕਲਾਂ ਤੋਂ ਜਗਾੜੂ ਢੋਲਕੀਆਂ ਉਤਰਵਾਈਆਂ ਗਈਆਂ, ਜਿਨ੍ਹਾਂ ਦੀ ਵਰਤੋਂ ਉਚੀ ਪਟਾਕੇ ਪਾਉਣ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਹੋਰਨਾਂ ਨਿਯਮਾਂ ਦੀ ਉਲੰਘਣਾ ਸਬੰਧੀ ਵੀ ਚਲਾਨ ਕੀਤੇ ਗਏ ਹਨ। ਐੱਸਐੱਸਪੀ ਦੀਪਕ ਪਾਰਿਕ ਦਾ ਕਹਿਣਾ ਸੀ ਕਿ ਅਜਿਹੀ ਚੈਕਿੰਗ ਮੁਹਿੰਮ ਅਗਲੇ ਦਿਨੀਂ ਵੀ ਜਾਰੀ ਰਹੇਗੀ।