ਪੱਤਰ ਪ੍ਰੇਰਕ
ਪਾਤੜਾਂ, 27 ਅਕਤੂਬਰ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਪਿੰਡ ਸੇਲਵਾਲਾ ’ਚ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਮਹਿਲਾ ਸਮੇਤ ਹੋਰਨਾਂ ਵਿਅਕਤੀਆਂ ਵੱਲੋਂ ਕੀਤੀ ਸ਼ਿਕਾਇਤ ਦਾ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ। ਐੱਸਸੀ ਕਮਿਸ਼ਨ ਦੇ ਮੈਂਬਰ ਮੋਹੀ ਨੇ ਦੱਸਿਆ ਕਿ ਸੇਲਵਾਲਾ ਵਾਸੀ ਮਹਿਲਾ ਤੇਜੋ ਕੌਰ ਵੱਲੋਂ ਨੌਂ ਹੋਰ ਵਿਅਕਤੀਆਂ ਦੇ ਘਰਾਂ ਨੂੰ ਜਾਂਦਾ ਰਾਸਤਾ ਖੁੱਲ੍ਹਵਾਉਣ ਤੇ ਪੱਕਾ ਕਰਨ ਤੋਂ ਰੋਕੇ ਜਾਣ ਲਈ ਕੰਧ ਕੱਢਣ ਦੀ ਸ਼ਿਕਾਇਤ ਕੀਤੀ ਸੀ। ਕਮਿਸ਼ਨ ਮੈਂਬਰ ਨੇ ਕੰਧ ਤੁੜਵਾ ਕੇ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਅਤੇ ਰਾਸਤੇ ਵਿਚ ਪਈਆਂ ਇੱਟਾਂ ਅਤੇ ਰੂੜੀਆਂ ਚੁੱਕੇ ਜਾਣ ਦੇ ਹੁਕਮ ਦੇ ਕੇ ਸ਼ਿਕਾਇਤ ਦੇ ਮਾਮਲੇ ਨੂੰ ਸੁਲਝਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾ ਸਮੇਤ ਹੋਰ ਕਈ ਪਰਿਵਾਰ ਉਨ੍ਹਾਂ ਦੇ ਘਰਾਂ ਨੂੰ ਜਾਂਦੇ ਰਾਸਤੇ ਵਿੱਚ ਕੀਤੀ ਕੰਧ ਕਰਕੇ ਪ੍ਰੇਸ਼ਾਨ ਸਨ। ਇਸ ਮੌਕੇ ਡੀਐੱਸਪੀ ਪਾਤੜਾਂ ਬੂਟਾ ਸਿੰਘ ਗਿੱਲ, ਬੀਡੀਪੀਓ ਕਰਮ ਸਿੰਘ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਅਧਿਕਾਰੀ ਸਮੇਤ ਥਾਣਾ ਮੁਖੀ ਬਿਕਰਮਜੀਤ ਸਿੰਘ, ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤੇ ਮੌਜੂਦ ਸਨ।