ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਜੁਲਾਈ
ਪਿੰਡ ਜੈਖਰ ਦੇ ਨਜ਼ਦੀਕ ਝੋਨੇ ਦੀ ਪਰਾਲੀ ਤੋਂ ਬਾਇਓ ਗੈਸ ਬਣਾਉਣ ਦੇ ਲਗਾਏ ਜਾ ਰਹੇ ਪਲਾਂਟ ਵਿੱਚ ਕੰਪਨੀ ਵੱਲੋਂ ਕੀਤੇ ਜਾਣ ਵਾਲੇ ਬੋਰਾਂ ਦਾ ਮਾਮਲਾ ਗਰਮਾ ਗਿਆ ਹੈ। ਬੋਰਾਂ ਦੀ ਭਿਣਕ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਗੁਰਦੁਆਰੇ ਵਿੱਚ ਇਕੱਠ ਬੁਲਾਇਆ ਕੰਪਨੀ ਦੇ ਅਧਿਕਾਰੀਆਂ ਨੇ ਇਕੱਠ ਵਿੱਚ ਪਹੁੰਚਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਅਨੁਸਾਰ ਕੰਮ ਕਰਨ ਅਤੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਫੈਲਾਉਣ ਦਾ ਭਰੋਸਾ ਦਿੱਤੇ ਜਾਣ ‘ਤੇ ਪਿੰਡ ਵਾਸੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਏ। ਪਿੰਡ ਵਾਸੀਆਂ ਨੇ ਕਮੇਟੀ ਬਣਾਉਣ ਦਾ ਫ਼ੈਸਲਾ ਲੈਂਦਿਆਂ ਕੰਪਨੀ ਅਧਿਕਾਰੀਆਂ ’ਤੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ।
ਸਰਪੰਚ ਮੋਹਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਨਿਧਾਨ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਪੰਚ, ਗੁਰਿੰਦਰਪਾਲ ਸਿੰਘ, ਸਵਰਨ ਸਿੰਘ ਫੌਜੀ ਅਤੇ ਲਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਟਿਆਲਾ ਆਰਐੱਨਜੀ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਵੱਲੋਂ ਕੁਝ ਮਹੀਨੇ ਪਹਿਲਾਂ ਕਰੀਬ 13 ਏਕੜ ਜ਼ਮੀਨ ਖ਼ਰੀਦ ਕੇ ਪਰਾਲੀ ਤੋਂ ਬਾਇਓ ਗੈਸ ਤਿਆਰ ਕਰਨ ਦਾ ਪ੍ਰਾਜੈਕਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਸੀ ਪਰ ਕੁਝ ਦਿਨ ਪਹਿਲਾਂ ਕੰਪਨੀ ਵੱਲੋਂ ਪਲਾਂਟ ਅੰਦਰ ਬੋਰ ਲਗਾਉਣ ਲਈ ਮਸ਼ੀਨ ਲਿਆਂਦੀ ਗਈ ਜਿਸ ਸਬੰਧੀ ਲੋਕਾਂ ਨੂੰ ਪਤਾ ਲੱਗਾ ਕਿ ਪਲਾਂਟ ਅੰਦਰ ਦਰਜਨ ਤੋਂ ਵੱਧ ਬੋਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਬੋਰਾਂ ਰਾਹੀਂ ਪਲਾਂਟ ਚੱਲਣ ਮਗਰੋਂ ਵਾਧੂ ਅਤੇ ਕੈਮੀਕਲ ਯੁਕਤ ਪਾਣੀ ਧਰਤੀ ਵਿੱਚ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਲੋਕਾਂ ਵੱਲੋਂ ਕੰਪਨੀ ਨੂੰ ਕੋਈ ਵੀ ਬੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇ ਕੰਪਨੀ ਨੇ ਅਜਿਹਾ ਕੀਤਾ ਤਾਂ ਲੋਕ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਵਾਤਾਵਰਨ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਕੰਮ ਨਹੀਂ ਕਰਾਂਗੇ: ਕੰਪਨੀ ਅਧਿਕਾਰੀ
ਪਟਿਆਲਾ ਆਰਐੱਨਜੀ ਪ੍ਰਾਈਵੇਟ ਲਿਮਟਿਡ ਦੇ ਪ੍ਰਾਜੈਕਟ ਹੈੱਡ ਪੰਕਜ ਕੁਮਾਰ ਅਤੇ ਸਪਲਾਈ ਚੇਨ ਮੈਨੇਜਮੈਂਟ ਹੈੱਡ ਦਿਨੇਸ਼ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਾਤਾਵਰਨ ਦੀ ਸਾਂਭ ਸੰਭਾਲ ਉਤੇ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਪਰਾਲੀ ਤੋਂ ਬਾਇਓ ਗੈਸ ਤਿਆਰ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਲਗਾਇਆ ਜਾ ਰਿਹਾ ਪਲਾਂਟ ਜ਼ੀਰੋ ਡਿਸਚਾਰਜ ਪ੍ਰਾਜੈਕਟ ਹੈ। ਇਸ ਵਿੱਚੋਂ ਕੋਈ ਵੀ ਵਾਧੂ ਪਾਣੀ ਨਹੀਂ ਨਿਕਲਣਾ। ਕੰਪਨੀ ਵੱਲੋਂ ਲਗਾਇਆ ਜਾ ਰਿਹਾ ਟਿਊਬਵੈੱਲ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਲਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਲਈ ਵਿਭਾਗੀ ਸ਼ਰਤਾਂ ਅਨੁਸਾਰ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਕੰਮ ਨਹੀਂ ਹੋਵੇਗਾ।