ਗੁਰਨਾਮ ਚੌਹਾਨ
ਪਾਤੜਾਂ, 7 ਅਕਤੂਬਰ
ਨਸ਼ਿਆਂ ਦੇ ਆਦੀ ਲੋਕਾਂ ਨੂੰ ਨਸ਼ਾ ਛੁਡਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਭੇਜੀਆਂ ਜਾਂਦੀਆਂ ਗੋਲੀਆਂ ਕੋਈ ਹਸਪਤਾਲ ਦੇ ਸਟੋਰ ਦਾ ਜਿੰਦਰਾ ਤੋੜ ਕੇ ਚੋਰੀ ਕਰਕੇ ਲੈ ਗਿਆ। ਘਟਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਨੇ ਗੋਲੀਆਂ ਚੋਰੀ ਕਰਨ ਵਾਲੇ ਵਿਅਕਤੀ ਨੂੰ ਸ਼ਹਿਰ ਦੇ ਜਾਖਲ ਰੋਡ ਬਾਈਪਾਸ ਉੱਤੋਂ ਕਰੀਬ ਅੱਧੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੋ ਵੱਖ ਵੱਖ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਦੇ ਸਟੋਰ ਇੰਚਾਰਜ ਜਨਕ ਰਾਜ ਵੱਲੋਂ ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਸਵੇਰੇ ਦਸ ਵਜੇ ਦੇ ਕਰੀਬ ਹਸਪਤਾਲ ਦੇ ਸਟੋਰ ਦਾ ਜਿੰਦਰਾ ਤੋੜ ਕੇ ਕੋਈ ਨਸ਼ਾ ਰੋਕੂ ਗੋਲੀਆਂ ਦਾ ਪੂਰਾ ਪੈਕੇਟ ਚੋਰੀ ਕਰਕੇ ਲੈ ਗਿਆ। ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਚੋਰ ਨਜ਼ਦੀਕੀ ਪਿੰਡ ਹਾਮਝੇੜੀ ਦਾ ਰਹਿਣ ਵਾਲਾ ਹੈ ਅਤੇ ਨਸ਼ੇ ਦਾ ਆਦੀ ਹੋਣ ਕਰਕੇ ਨਸ਼ਾ ਛੁਡਾਊ ਗੋਲੀਆਂ ਲੈਣ ਲਈ ਉਸ ਦਾ ਕਾਰਡ ਬਣਿਆ ਹੋਇਆ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਹਾਮਝੇੜੀ ਵਾਸੀ ਰਾਮਚੰਦਰ ਨੂੰ ਪਾਤੜਾਂ ਜਾਖਲ ਬਾਈਪਾਸ ਉੱਤੇ ਨਾਕੇ ਦੌਰਾਨ 570 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।