ਖੇਤਰੀ ਪ੍ਰਤੀਨਿਧ
ਪਟਿਆਲਾ, 2 ਫਰਵਰੀ
ਕੇਂਦਰੀ ਬਜਟ ਨੂੰ ਲੋਕ ਵਿਰੋਧੀ ਦੱਸਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਬਜਟ ਵਿੱਚ ਅੰਕੜੇ ਵਧਾ ਚੜ੍ਹਾਅ ਕੇ ਪੇਸ਼ ਕੀਤੇ ਗਏ ਹਨ ਜਦਕਿ ਹਕੀਕਤ ਵਿੱਚ ਕੁੁਝ ਵੀ ਨਹੀਂ ਹੈ। ਢੀਂਡਸਾ ਨੇ ਕਿਹਾ ਕਿ ਬਜਟ ’ਚ ਸੂਬਿਆਂ ਨੂੰ ਕਟੌਤੀ ਕਰ ਕੇ ਕੇਂਦਰ ਦੀ ਆਮਦਨ ਵਧਾ ਲਈ ਗਈ ਹੈ। ਕਿਸਾਨਾਂ ਤੇ ਕਿਰਤੀ ਲੋਕਾਂ ਵਾਸਤੇ ਬਜਟ ਵਿੱਚ ਕੁੁਝ ਨਹੀਂ ਰੱਖਿਆ ਗਿਆ ਤੇ ਇਹ ਬਜਟ ਨਿਰਾ ਲਿਫਾਫਾ ਹੀ ਹੈ। ਇਸ ਦੇ ਅੰਦਰ ਲੋਕਾਂ ਪੱਖੀ ਕੋਈ ਨਵੀਂ ਗੱਲ ਨਹੀਂ ਹੈ। ਅਕਾਲੀ ਦਲ (ਡ) ਦੇ ਆਗੂ ਗੁਰਬਚਨ ਬਚੀ, ਨਾਹਰ ਸਿੰਘ ਮਾਜਰੀ, ਤੇਜਿੰਦਰਪਾਲ ਸੰਧੂ, ਰਣਧੀਰ ਰੱਖੜਾ, ਰਣਧੀਰ ਸਮੂਰਾਂ, ਸਤਿਗੁਰ ਨਮੋਲ਼, ਹਰਪਾਲ ਖਡਿਆਲ਼ ਨੇ ਵੀ ਬਜਟ ਦੀ ਨਿੰਦਾ ਕੀਤੀ ਹੈ।
ਕਾਂਗਰਸੀ ਵਿਧਾਇਕਾਂ ਹਰਦਿਆਲ ਕੰੰਬੋਜ, ਮਦਨ ਲਾਲ ਜਲਾਲਪੁਰ, ਕਾਕਾ ਰਾਜਿੰਦਰ ਸਿਘ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮੋਹਿਤ ਮਹਿੰਦਰਾ, ਨਵਾਬ ਸਿੰਘ ਮਨੇਸ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਸ਼ਕਤੀ ਪ੍ਰਦਾਨ ਕੀਤੀ ਗਈ ਹੈੇ ਤੇ ਸਿੱਖਿਆ ਅਤੇ ਸਿਹਤ ਸਮੇਤ ਕਈ ਹੋਰ ਖੇਤਰਾਂ ਵਿੱਚੋਂ ਵੀ ਪੰਜਾਬ ਗਾਇਬ ਹੈ। ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿਘ ਕੋਹਲੀ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਹੈ। ਸਨੌਰ ਹਲਕੇ ਤੋਂ ‘ਆਪ’ ਆਗੂ ਹਰਮੀਤ ਪਠਾਣਮਾਜਰਾ, ਇੰਦਰਜੀਤ ਸੰਧੂ ਨੇ ਵੀ ਕੇਂਦਰੀ ਬਜਟ ਨੂੰ ਕਾਰਪੋਰੇਟ ਘਰਾਣਿਆਂ ਪੱਖੀ ਕਰਾਰ ਦਿੱਤਾ ਹੈ।