ਵਿਦਿਆਰਥੀਆਂ ਵੱਲੋਂ ਪੰਜਾਬੀ ’ਵਰਸਿਟੀ ਵਿੱਚ ਸੂਬਾ ਪੱਧਰੀ ਮੁਜ਼ਹਰਾ

ਵਿਦਿਆਰਥੀਆਂ ਵੱਲੋਂ ਪੰਜਾਬੀ ’ਵਰਸਿਟੀ ਵਿੱਚ ਸੂਬਾ ਪੱਧਰੀ ਮੁਜ਼ਹਰਾ

ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ।

ਰਵੇਲ ਸਿੰਘ ਭਿੰਡਰ
ਪਟਿਆਲਾ, 10 ਜੁਲਾਈ

ਪੰਜਾਬ ਸਟੂਡੈਂਟ ਯੂਨੀਅਨ ‘ਪੀਐੱਸਯੂ.’ ਦੇ ਸੁਬਾਈ ਸੱਦੇ ’ਤੇ ਅੱਜ ਪੰਜਾਬ ‘ਚ ਵੱਖ-ਵੱਖ ਥਾਂ ਕੀਤੇ ਗਗਏ ਰੋਸ ਪ੍ਰਦਰਸ਼ਨਾਂ ਦੇ ਸਿਲਸਿਲੇ ’ਚ ਸਥਾਨਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਚਾਰ ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸੁਬਾਈ ਪੱਧਰੀ ਵਿਸ਼ਾਲ ਰੋਸ ਮੁਜ਼ਹਾਰਾ ਕੀਤਾ ਗਿਆ। ਜਿਸ ’ਚ ਪੀਐੱਸਯੂ ਤੋਂ ਇਲਾਵਾ ਪੀਐੱਸਯੂ (ਲਲਕਾਰ), ਏਆਈਐੱਸਐਫ ਤੇ ਐੱਸਐੱਫਆਈ. ਜਥੇਬੰਦੀਆਂ ਦੇ ਵਿਦਿਆਰਥੀਆਂ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ। ਇਸ ਧਰਨੇ ਦੇ ਅਸਰ ਵਜੋਂ ਯੂਨੀਵਰਸਿਟੀ ਪ੍ਰਸਾਸ਼ਨ ਨੇ ਅਗਲੇ ਸਮੈਟਰ ਦੀਆਂ ਜੋ ਫੀਸਾਂ 17 ਮੰਗੀਆਂ ਸਨ ਉਹ ਫੈਸਲਾ ਵਾਪਸ ਲੈਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਨੂੰ ਸੰਘਰਸ਼ ਦੇ ਪਲੇਟਫਾਰਮ ’ਤੇ ਨਿੱਤਰੀਆਂ ਜਥੇਬੰਦੀਆਂ ਪ੍ਰਾਪਤੀ ਵਜੋਂ ਲੈ ਰਹੀਆਂ ਹਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਬਿਨਾਂ ਪੜ੍ਹਾਈ ਤੋਂ ਉਹ ਫੀਸ ਭਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਦੀ ਮੰਗ ਸੀ ਕਿ ਪਹਿਲਾਂ ਯੂਨੀਵਰਸਿਟੀ ਖੁੱਲ੍ਹਣ ਬਾਰੇ ਸਪੱਸ਼ਟ ਦੱਸਿਆ ਜਾਵੇ ਤੇ ਉਸਤੋਂ ਬਾਅਦ ਹੀ ਵਿਦਿਆਰਥੀਆਂ ਤੋਂ ਫੀਸ ਭਰਵਾਈ ਜਾਵੇ। ਹੋਰ ਮੰਗਾਂ ’ਚ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨ ਪਾਸ ਕਰਨ ਜਾਂ ਪ੍ਰੀਖਿਆਵਾਂ ਤੋਂ ਘੱਟੋ-ਘੱਟ ਇੱਕ ਮਹੀਨਾ ਕਲਾਸਾਂ ਲਾ ਕੇ ਸਿਲੇਬਸ ਪੂਰਾ ਕਰਵਾਉਣ, ਖੋਜਾਰਥੀਆਂ ਲਈ ਢੁਕਵੇਂ ਪ੍ਰਬੰਧ ਕਰਨ, ਸੇਵਾ-ਮੁਕਤ ਨੌਕਰਸ਼ਾਹਾਂ ਦੀ ਪੰਜਾਬੀ ਯੂਨੀਵਰਸਿਟੀ ’ਚ ਨਿਯੁਕਤੀ ਰੱਦ ਕਰਨ, ਪ੍ਰਾਈਵੇਟ ਕਾਲਜਾਂ ਵੱਲੋਂ ਲਈਆਂ ਫੀਸਾਂ ਅੱਗੇ ਅਡਜਸਟ ਕਰਨ, ਪੰਜਾਬ ਸਰਕਾਰ ਵੱਲੋਂ ਐੱਮਬੀਬੀਐੱਸ ਦੀਆਂ ਫੀਸਾਂ ’ਚ ਵਾਧਾ ਵਾਪਸ ਲੈਣ, ਹਾਈ ਕੋਰਟ ਵੱਲੋਂ ਸਕੂਲਾਂ ਦੇ ਹੱਕ ਵਿੱਚ ਫੀਸ ਲੈਣ ਦਾ ਫੈਸਲਾ ਰੱਦ ਕਰਵਾਉਣ ਤੇ ਸਰਕਾਰ ਵੱਲੋਂ ਬੁੱਧੀਜੀਵੀਆਂ, ਵਿਦਿਆਰਥੀ ਆਗੂਆਂ ਖ਼ਿਲਾਫ਼ ਝੂਠੇ ਕੇਸ ਰੱਦ ਕਰਨ ਤੇ ਉਨ੍ਹਾਂ ਦੀ ਰਿਹਾਈ ਦੀਆਂ ਮੰਗਾਂ ਸ਼ਾਮਲ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਹੋਰ ਮੰਗਾਂ ’ਚ ਖੋਜਾਰਥੀਆਂ ਲਈ ਪਾਰਦਰਸ਼ੀ ਨੀਤੀ ਤਿਆਰ ਕਰਨ ਤੇ ਲਇਬਰੇਰੀ ਵਿੱਚੋਂ ਕਿਤਾਬਾਂ ਮੁਹੱਈਆ ਕਰਾਉਣ ਲਈ ਪਲੈਨ ਤਿਆਰ ਕਰਨ ਦੀਆਂ ਮੰਗਾਂ ਸਨ। ਜਿਸ ਵਿੱਚੋਂ ਯੂਨੀਵਰਸਿਟੀ ਪ੍ਰਸਾਸ਼ਨ ਨੇ ਫੀਸਾਂ ਨੂੰ ਫਿਲਹਾਲ ਦੀ ਘੜੀ ਰੱਦ ਕਰਨ ਤੇ ਖੋਜਾਰਥੀਆਂ ਲਈ ਨੀਤੀ ਵਾਸਤੇ ਮੰਗ ਤੇ ਲਾਇਬਰੇਰੀ ’ਚੋਂ ਕਿਤਾਬ ਇਸ਼ੂ ਕਰਨ ਦੀ ਮੰਗ ਫੌਰੀ ਕਬੂਲ ਲਈਆਂ ਤੇ ਛੇਤੀ ਨੋਟੀਫਾਈ ਕਰਨ ਦਾ ਭਰੋਸਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All