ਪੱਤਰ ਪ੍ਰੇਰਕ
ਘੱਗਾ, 14 ਅਕਤੂਬਰ
ਸਟੇਟ ਬੈਂਕ ਆਫ ਇੰਡੀਆ ਬਾਦਸ਼ਾਹਪੁਰ ਬਰਾਂਚ ਮੂਹਰੇ ਸਟਾਫ ਦੇ ਕਥਿਤ ਮਾੜੇ ਵਿਵਹਾਰ ਦਾ ਸ਼ਿਕਾਰ ਹੋਣ ਕਾਰਨ ਕਿਸਾਨ ਧਰਨੇ ਲੱਗ ਚੁੱਕੇ ਹਨ ਪਰ ਬੈਂਕ ਦੇ ਮਾੜੇ ਪ੍ਰਬੰਧਾਂ ’ਚ ਕੋਈ ਸੁਧਾਰ ਨਾ ਹੋਣ ਕਾਰਨ ਖਾਤਾਧਾਰਕਾਂ ਨੂੰ ਕਰੋਨਾ ਕਾਲ ਦੌਰਾਨ ਭੀੜ ’ਚ ਪ੍ਰੇਸ਼ਾਨੀ ਹੋ ਰਹੀ ਹੈ।
ਲੋਕਾਂ ਨੇ ਕਿਹਾ ਕਿ ਬੈਂਕ ਵਿੱਚ ਲੋਕਾਂ ਦੇ ਬੈਠਣ ਲਈ ਨਾ ਤਾਂ ਬੈਂਕ ਦੇ ਬਾਹਰ ਹੀ ਉਚਿਤ ਪ੍ਰਬੰਧ ਹੈ ਤੇ ਨਾ ਹੀ ਬੈਂਕ ਦੇ ਅੰਦਰ ਬਜ਼ੁਰਗਾਂ ਦੇ ਬੈਠਣ ਲਈ ਕੁਰਸੀਆਂ ਹਨ ਜਿਸ ਕਾਰਨ ਲਾਈਨਾਂ ’ਚ ਵਾਰੀ ਦੀ ਉਡੀਕ ’ਚ ਥੱਕ ਟੁੱਟ ਕੇ ਬਜ਼ੁਰਗਾਂ ਨੂੰ ਭੁੰਝੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੈਂਕ ’ਚ ਆਪਣੀ ਬੁਢਾਪਾ ਪੈਨਸ਼ਨ ਲੈਣ ਆਈ ਪਿੰਡ ਸਿਓਨਾ ਦੀ ਇਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਸਵੇਰੇ ਦਸ ਵਜੇ ਦੀ ਖੜ੍ਹੀ ਹੈ ਤੇ ਦੁਪਹਿਰ ਤੱਕ ਉਸ ਦੀ ਵਾਰੀ ਨਹੀਂ ਆਈ। ਹੋਰ ਬਜ਼ੁਰਗ ਮਹਿਲਾਵਾਂ ਨੇ ਦੱਸਿਆ ਬੈਂਕ ’ਚ ਬਜ਼ੁਰਗਾਂ ਤੇ ਸੀਨੀਅਰ ਸਿਟੀਜ਼ਨਾਂ ਲਈ ਕੋਈ ਸਹੂਲਤ ਤਾਂ ਦੂਰ ਦੀ ਗੱਲ ,ਉਨ੍ਹਾਂ ਦੇ ਬੈਠਣ ਲਈ ਕੁਰਸੀਆਂ ਵੀ ਨਹੀਂ ਹਨ ਤੇ ਉਹ ਭੁੰਜੇ ਬੈਠਣ ਲਈ ਮਜਬੂਰ ਹਨ।
ਬੈਠਣ ਲਈ ਬਾਹਰ ਕੁਰਸੀਆਂ ਹਨ: ਬੈਂਕ ਮੈਨੇਜਰ
ਇਸੇ ਦੌਰਾਨ ਬੈਂਕ ਮੈਨੇਜਰ ਵੀਨੀਤ ਕੁਮਾਰ ਨੇ ਦੱਸਿਆ ਕਿ ਲੋਕ ਰੁਕਦੇ ਨਹੀਂ ਜਦਕਿ ਬੈਠਣ ਲਈ ਕੁਰਸੀਆਂ ਬੈਂਕ ਦੇ ਬਾਹਰ ਪਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਇੰਤਜਾਮਾਂ ਬਾਰੇ ਆਰਐੱਮ ਹੀ ਦੱਸ ਸਕਣਗੇ।