ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਸਤੰਬਰ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਡਾ. ਐੱਸ.ਪੀ. ਸਿੰਘ ਓਬਰਾਏ ਦੇ ਸਹਿਯੋਗ ਨਾਲ 241ਵਾਂ ਨਾਟਕ ਮੇਲਾ ਇੱਥੇ ਬਾਰਾਂਦਰੀ ਗਾਰਡਨ ਵਿਖੇ ਕਰਵਾਇਆ ਗਿਆ।
ਇਸ ਮੌਕੇ ਨਟਾਸ ਦੇ ਪ੍ਰਧਾਨ ਗੁਰਬਚਨ ਸਿੰਘ ਕੱਕੜ, ਪ੍ਰਾਣ ਸਭਰਵਾਲ, ਸੁਨੀਤਾ ਸਭਰਵਾਲ ਅਤੇ ਹੋਰ ਕਲਾਕਾਰਾਂ ਨੇ ਵੀਰ ਹਕੀਕਤ ਰਾਏ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਾਟਕ ਮੇਲੇ ਦਾ ਆਗਾਜ਼ ਕੀਤਾ। ਪ੍ਰਧਾਨਗੀ ਕਰ ਰਹੇ ਵਿਪਿਨ ਅਤੇ ਹੋਰ ਬੁਲਾਰਿਆਂ ਨੇ ਸ੍ਰੀ ਸਭਰਵਾਲ ਜੋੜੇ, ਪ੍ਰਧਾਨ ਗੁਰਬਚਨ ਸਿੰਘ ਕੱਕੜ, ਮੈਂਬਰਾਂ ਅਤੇ ਹੋਰ ਕਲਾਕਾਰਾਂ ਵੱਲੋਂ ਪਿਛਲੇ ਛੇ ਦਹਾਕਿਆਂ ਤੋਂ ਰੰਗਮੰਚ ਲਹਿਰ ਨੂੰ ਜਿਊਂਦਾ ਰੱਖਣ ਲਈ ਕੀਤੇ ਯਤਨਾਂ, ਖ਼ਾਸ ਕਰ ਕੇ ਪਿਛਲੇ 21 ਸਾਲਾਂ ਤੋਂ ਜਾਰੀ ਮਾਸਿਕ ਗਾਰਡਨ ਥੀਏਟਰ ਲਹਿਰ ਤਹਿਤ 241ਵਾਂ ਮਾਸਿਕ ਨਾਟਕ ਮੇਲਿਆਂ ਦਾ ਨਿਰਵਿਘਨ ਆਯੋਜਨ ਕਰਨ ਲਈ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਧਾਨ ਕੱਕੜ ਅਤੇ ਪ੍ਰੋ. ਸੁਭਾਸ਼ ਸ਼ਰਮਾ ਨੇ ਨਟਾਸ ਦੇ ਡਾਇਰੈਕਟਰ ਸੁਨੀਤਾ ਸਭਰਵਾਲ ਨੂੰ ਉਨ੍ਹਾਂ ਦੇ ਮਹਾਨ ਯੋਗਦਾਨ ਕਰ ਕੇ ਪੰਜਾਬੀ ਡਰਾਮੇ ਦੀ ਮਾਂ ਜਾਣੀ ਜਾਂਦੀ ਨੌਰਾ ਰਿਚਰਡ ਦੀ ਤਰ੍ਹਾਂ ਆਧੁਨਿਕ ਸਰਪ੍ਰਸਤ ਦੱਸਿਆ।
ਇਸ ਮੌਕੇ ਪੇਸ਼ ਨਾਟਕਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਦਾਦਾ ਦਾ ਦੁੱਖ, ਅਜਮੇਰ ਔਲਖ ਦੇ ਅਵੇਸਲੇ ਯੁੱਧਾਂ ਦੀ ਨਾਇਕਾ, ਸੁੱਕੀ ਕੁੱਖ ਤੋਂ ਬਿਨਾ ਨਵੇਂ ਨਾਟਕਾਂ ਦੀਆਂ ਪੇਸ਼ਕਾਰੀਆਂ ਨੇ ਧੂਮਾਂ ਪਾਈਆਂ। ਨਟਾਸ ਦੇ ਉੱਦਮੀ ਕਲਾਕਾਰਾਂ ਜਗਦੀਸ਼ ਕੁਮਾਰ, ਰਜਤ ਚੌਹਾਨ, ਅੰਜੂ ਸੈਣੀ, ਪਰਮਜੀਤ ਕੌਰ, ਮਨਜੀਤ ਮਨੀ, ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਪੂਜਾ ਰਾਣੀ, ਸਾਗਰ ਚੌਹਾਨ ਤੇ ਐੱਮ.ਐੱਸ. ਜੱਗੀ ਨੂੰ ਨਕਦ ਇਨਾਮ ਅਤੇ ਸੱਤ ਬਾਲ ਕਲਾਕਾਰਾਂ ਨੂੰ ਮੋਮੈਂਟੋ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।