ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਮਾਰਚ
ਇਥੇ ਸੀਬਾ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਵਿਚ ਚੱਲ ਰਹੀ ਕੌਮੀ ਸਸਟੋਬਾਲ ਚੈਂਪੀਅਨਸ਼ਿਪ ਦੇ ਅੱਜ ਤੀਸਰੇ ਦਿਨ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਸੈਮੀ-ਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਈ ਰੱਖਣ ਲਈ ਖੇਡਾਂ ਨੂੰ ਪ੍ਰਫੂਲਿਤ ਕਰਨਾ ਬੇਹੱਦ ਜ਼ਰੂਰੀ ਹੈ। ਫੈਡਰੇਸ਼ਨ ਆਫ ਐਸੋਸੀਏਸ਼ਨ ਐਂਡ ਪ੍ਰਾਈਵੇਟ ਸਕੂਲਜ਼ ਆਫ ਪੰਜਾਬ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲ ਪੱਧਰ ’ਤੇ ਖੇਡ ਮੁਕਾਬਲਿਆਂ ਨੂੰ ਹੋਰ ਨਵੀਆਂ ਤਕਨੀਕਾਂ ਅਤੇ ਯੋਜਨਾਵਾਂ ਨਾਲ ਕਰਾਉਣ ਲਈ ਫੈਡਰੇਸ਼ਨ ਉਪਰਾਲੇ ਕਰੇਗੀ। ਅੱਜ ਹੋਏ ਸੈਮੀ-ਫਾਈਨਲ ਮੈਚਾਂ ਵਿਚ ਸੀਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਛੱਤੀਸਗੜ੍ਹ, ਮਹਾਰਾਸ਼ਟਰ ਨੇ ਕਰਨਾਟਕ ਤੇ ਜੂਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਮੁੰਬਈ ਨੇ ਦਾਦਰ ਨਗਰ ਹਵੇਲੀ, ਉੱਤਰ ਪ੍ਰਦੇਸ਼ ਨੇ ਕਰਨਾਟਕ ਤੇ ਸੀਨੀਅਰ ਲੜਕਿਆਂ ਦੇ ਮੁਕਾਬਲੇ ਵਿੱਚ ਪੰਜਾਬ ਨੇ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਨੇ ਮੁੰਬਈ ਤੇ ਜੂਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਕਰਨਾਟਕ ਨੇ ਰਾਜਸਥਾਨ ਅਤੇ ਪੰਜਾਬ ਨੇ ਮੁੰਬਈ ਨੂੰ ਹਰਾ ਕੇ ਫਾਈਨਲ ਲਈ ਸਥਾਨ ਬਣਾਇਆ। ਇਸ ਮੌਕੇ ਕੌਮੀ ਚੇਅਰਮੈਨ ਰੀਫੁੱਲਾ, ਕੌਮੀ ਜਨਰਲ ਸੈਕਟਰੀ ਅਕੂਬ ਮੁਹੰਮਦ, ਸੂਬਾ ਪ੍ਰਧਾਨ ਸੰਦੀਪ ਮਲਾਣਾ, ਚੇਅਰਮੈਨ ਮਨਦੀਪ ਸਿੰਘ ਬਰਾੜ, ਉਪ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਬਲਵਿੰਦਰ ਸਿੰਘ ਧਾਲੀਵਾਲ, ਕੋਚ ਗੁਰਦੀਪ ਸਿੰਘ ਘੱਗਾ, ਫਿਲਮੀ ਅਦਾਕਾਰ ਪਰਮ ਢਿੱਲੋਂ ਵੀ ਮੌਜੂਦ ਸਨ।