ਪੱਤਰ ਪ੍ਰੇਰਕ
ਪਟਿਆਲਾ, 1 ਅਪਰੈਲ
ਇੱਥੋਂ ਦੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਖੇਡ ਵਿਭਾਗ ਵੱਲੋਂ 145ਵਾਂ ਖੇਡ ਸਮਾਰੋਹ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਗੁਰਲਾਲ ਘਨੌਰ ਨੇ ਕੀਤਾ। ਖੇਡਾਂ ਵਿੱਚ ਬੱਬਲੂ, ਰਮਨਪ੍ਰੀਤ ਸਿੰਘ ਅਤੇ ਨਵਜੋਤ ਕੌਰ ਸਰਵੋਤਮ ਅਥਲੀਟ ਚੁਣੇ ਗਏ। ਇਸ ਮੌਕੇ ਗੁਰਲਾਲ ਘਨੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਦਰਾ ਕਾਲਜ ਵਿੱਚ ਪਹੁੰਚ ਕੇ ਉਸ ਨੂੰ ਆਪਣਾ ਵਿਦਿਆਰਥੀ ਜੀਵਨ ਚੇਤੇ ਆ ਗਿਆ। ਸਮਾਰੋਹ ਦੇ ਅਖੀਰ ਵਿੱਚ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਤਰਲੋਕ ਸਿੰਘ ਸੰਧੂ ਓਲੰਪੀਅਨ ਵੱਲੋਂ ਕੀਤੀ ਗਈ।ਖੇਡ ਸਮਾਰੋਹ ਦੌਰਾਨ 1500 ਮੀਟਰ ਦੌੜ (ਲੜਕੇ) ਵਿੱਚ ਬੱਬਲੂ ਨੇ ਪਹਿਲਾ, ਅੰਕਿਤ ਨੇ ਦੂਜਾ ਅਤੇ ਅਮਰੀਕ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜਬੱਬਲੂ ਨੇ ਪਹਿਲਾ, ਜਸਜੋਤ ਸਿੰਘ ਨੇ ਦੂਜਾ ਅਤੇ ਬਲਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਦੌੜ (ਲੜਕੀਆਂ) ਨਵਜੋਤ ਕੌਰ ਨੇ ਪਹਿਲਾ, ਪ੍ਰੀਤ ਕੌਰ ਨੇ ਦੂਜਾ ਅਤੇ ਹਰਜਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ (ਲੜਕੇ) ਵਿੱਚ ਰਮਨਪ੍ਰੀਤ ਸਿੰਘ ਨੇ ਪਹਿਲਾ, ਲਛਮਣ ਕੁਮਾਰ ਨੇ ਦੂਜਾ ਅਤੇ ਵਿਕਰਮਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ (ਲੜਕੀਆਂ) ਨਵਜੋਤ ਕੌਰ ਨੇ ਪਹਿਲਾ, ਪ੍ਰੀਤ ਕੌਰ ਨੇ ਦੂਜਾ ਤੇ ਰਾਜਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋਅ (ਲੜਕੇ) ਵਿੱਚ ਰਣਜੀਤ ਸਿੰਘ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਕਰਮਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋਅ (ਲੜਕੀਆਂ) ਵਿੱਚ ਮਨਦੀਪ ਕੌਰ ਨੇ ਪਹਿਲਾ, ਹਰਸ਼ਦੀਪ ਕੌਰ ਨੇ ਦੂਜਾ ਅਤੇ ਰੀਆ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।
ਕਿਸਾਨ ਅੰਦੋਲਨ ਨੂੰ ਸਮਰਪਿਤ ਦੋ ਰੋਜ਼ਾ ਖੇਡ ਮੇਲਾ ਸ਼ੁਰੂ
ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਸਿੱਧ ਬਾਬਾ ਲਛਮਣ ਜਤੀ ਯੂਥ ਕਲੱਬ ਵੱਲੋਂ ਕਰਵਾਇਆ ਦੋ ਰੋਜ਼ਾ ਕਬੱਡੀ ਖੇਡ ਮੇਲਾ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ ਨੂੰ ਸਮਰਪਿਤ ਇਸ ਕਬੱਡੀ ਖੇਡ ਮੇਲੇ ਦਾ ਉਦਘਾਟਨ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ 47 ਕਿੱਲੋ ਵਰਗ ਵਿੱਚ ਰਾਈ ਖੇੜੀ ਕੈਥਲ, ਬਾਬਾ ਲਾਡੀ ਸ਼ਾਹ, 57 ਕਿੱਲੋ ਵਰਗ ਵਿੱਚ ਦਤਾਲ, ਬਲਵੇੜਾ, ਨਾਭਾ, 65 ਕਿਲੋ ਵਰਗ ਵਿੱਚ ਭਾਦਸੋਂ, ਅਲੇਵਾ ਅਤੇ 75 ਕਿਲੋ ਵਿੱਚ ਜੀਂਦ, ਬਾਬਾ ਅਰਜਨ ਦਾਸ ਅਚਲ ਤੋਂ ਇਲਾਵਾ ਕਬੱਡੀ ਦੀਆਂ 39 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਦਰਸ਼ਨਪਾਲ ਨੇ ਕਿਹਾ ਕਿ ਖੇਡਾਂ ਜੀਵਨ ਦਾ ਜ਼ਰੂਰੀ ਅੰਗ ਹਨ। ਇਸ ਮੌਕੇ ਕੁਲਜੀਤ ਮੱਲ੍ਹੀ, ਗੁਰਜੀਤ ਉੱਪਲੀ ਤੇ ਕਲੱਬ ਪ੍ਰਧਾਨ ਲਵਪ੍ਰੀਤ ਮੱਲ੍ਹੀ ਮੌਜੂਦ ਸਨ।
ਸਰਕਾਰੀ ਕਾਲਜ ਵਿੱਚ ਕਬੱਡੀ ਚੈਂਪੀਅਨਸ਼ਿਪ ਕਰਵਾਈ
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਅੰਤਰ ਕਾਲਜ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਲੜਕੇ ਅਤੇ ਲੜਕੀਆਂ ਦੀਆਂ 18 ਟੀਮਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੈਪਟਨ ਭੁਪਿੰਦਰ ਸਿੰਘ ਪੂਨੀਆ ਨੇ ਕੀਤਾ। ਇਸ ਦੌਰਾਨ ਮੁਕਾਬਲਿਆਂ ਵਿੱਚ ਲੜਕਿਆਂ ਵਿੱਚੋਂ ਡੀਏਵੀ ਕਾਲਜ ਬਠਿੰਡਾ, ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਅਤੇ ਐਸਡੀ ਕਾਲਜ ਬਰਨਾਲਾ ਨੇ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਜਦੋਂ ਕਿ ਲੜਕੀਆਂ ਵਿੱਚੋਂ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ, ਐੱਸ ਡੀ ਕਾਲਜ ਬਰਨਾਲਾ ਅਤੇ ਡੀਏਵੀ ਕਾਲਜ ਬਠਿੰਡਾ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਓਂਕਾਰ ਸਿੰਘ ਨੇ ਕੀਤੀ।