ਪੱਤਰ ਪ੍ਰੇਰਕ
ਘਨੌਰ, 17 ਜਨਵਰੀ
ਹਲਕਾ ਘਨੌਰ ’ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਜੋਗਾ ਸਿੰਘ ਚੱਪੜ ਨੇ ਹਲਕਾ ਘਨੌਰ ਵਿੱਚ ਆਪ ਦੇ ਉਮੀਦਵਾਰ ਗੁਰਲਾਲ ਘਨੌਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਜੋਗਾ ਸਿੰਘ ਚੱਪੜ ਵੱਲੋਂ ਪਾਰਟੀ ਆਗੂਆਂ ਧਰਮ ਸਿੰਘ ਪੱਬਰੀ, ਦਵਿੰਦਰ ਸਿੰਘ ਭੇਡਵਾਲ, ਜਸਵੀਰ ਗੁੱਜਰ, ਸੁੱਖਵਿੰਦਰ ਸਿੰਘ ਬੜਿੰਗ ਆਦਿ ਨੇ ‘ਆਪ’ ਉਮੀਦਵਾਰ ਨੂੰ ਹਲਕਾ ਘਨੌਰ ਵਿੱਚ ਪੰਥਕ ਅਕਾਲੀ ਲਹਿਰ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜੋਗਾ ਸਿੰਘ ਚੱਪੜ ਨੇ ਕਿਹਾ ਕਿ ਗੁਰਲਾਲ ਘਨੌਰ ਨੇ ਹਲਕੇ ਦਾ ਨਾਮ ਕਬੱਡੀ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਅਸੀਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਹਲਕਾ ਘਨੌਰ ਵਿੱਚ ਇੱਕ ਇਮਾਨਦਾਰ ਅਤੇ ਪੜ੍ਹੇ ਲਿਖੇ ਉਮੀਦਵਾਰ ਨੂੰ ਸਮਰਥਨ ਦੇ ਰਹੇ ਹਾਂ। ਇਸ ਮੌਕੇ ਗੁਰਲਾਲ ਘਨੌਰ ਨੇ ਜੋਗਾ ਸਿੰਘ ਚੱਪੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਕੋਲ ਵੱਡਾ ਸਿਆਸੀ ਤਜਰਬਾ ਹੈ। ਜਿਸ ਨਾਲ ‘ਆਪ’ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਨਰਿੰਦਰ ਪੰਧੇਰ, ਗੁਰਮੁੱਖ ਸਿੰਘ ਪੰਡਤਾਂ, ਗੁਰਤਾਜ ਸਿੰਘ, ਸੁਖਬੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।