ਪਟਿਆਲਾ: ਨੈਸ਼ਨਲ ਇੰਸਟੀਚਿਊਟ ਆਫ ਸਾਇੰਸ, ਟੈਕਨਾਲੋਜ਼ੀ ਐਂਡ ਡਿਵੈਲਪਮੈਂਟ ਸਟੱਡੀਜ਼ (ਵਿਭਾ) ਵੱਲੋਂ ਕਰਵਾਏ ਗਏ ਕੌਮਾਂਤਰੀ ਪੱਧਰ ਦੇ ਆਨਲਾਈਨ ਭਾਸ਼ਨ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਲਾਣਾ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਉਪ ਜੇਤੂ (ਚਾਂਦੀ ਦਾ ਤਗ਼ਮਾ) ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਅੱਜ ਇੱਥੇ ਰਮਨਦੀਪ ਕੌਰ ਪਿੰਡ ਬਘੌਰਾ ਦਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਹਰਿੰਦਰ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰ. ਸਤਵਿੰਦਰ ਕੌਰ, ਗਾਈਡ ਅਧਿਆਪਕ ਅਭਿਸ਼ੇਕ ਜਲੋਟਾ, ਬੀ.ਐਮ. ਸੁਖਦੇਵ ਸਿੰਘ, ਰਮਨਦੀਪ ਦੇ ਪਿਤਾ ਜਗਤਾਰ ਸਿੰਘ, ਮਾਤਾ ਰੁਪਿੰਦਰ ਕੌਰ ਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਵੀ ਹਾਜ਼ਰ ਸਨ। ਰਮਨਦੀਪ ਕੌਰ ਨੇ ਨਟਰਾਜ ਕਲਾ ਤੇ ਵਿਗਿਆਨ (ਨਟਰਾਜ਼ਯ: ਏ ਕੰਫਲੂਐਂਸ ਆਫ ਆਰਟਸ ਐਂਡ ਸਾਇੰਸ) ਵਿਸ਼ੇ ’ਤੇ ਹਿੰਦੀ ’ਚ ਹੋਏ ਭਾਸ਼ਨ ਮੁਕਾਬਲੇ ’ਚ ਦੇਸ਼-ਵਿਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ’ਚੋਂ ਦੂਸਰਾ ਸਥਾਨ ਹਾਸਿਲ ਕੀਤਾ। -ਨਿੱਜੀ ਪੱਤਰ ਪ੍ਰੇਰਕ