ਖੇਤਰੀ ਪ੍ਰਤੀਨਿਧ
ਪਟਿਆਲਾ, 23 ਜੁਲਾਈ
ਆਜ਼ਾਦੀ ਦਿਹਾੜੇ ਸਬੰਧੀ ਆ ਰਹੇ ਸਮਾਗਮ ਸਮੇਤ ਨਸ਼ਾ ਤਸਕਰੀ ਤੇ ਗੈਂਗਸਟਰਾਂ ਨੂੰ ਠੱਲ੍ਹ ਪਾਉਣ ਲਈ ਅੱਜ ਪਟਿਆਲਾ ਜ਼ਿਲ੍ਹੇ ’ਚ ਪੁਲੀਸ ਵੱਲੋਂ ਐੱਸਐੱਸਪੀ ਦੀਪਕ ਪਾਰਿਕ ਦੀ ਅਗਵਾਈ ਹੇਠ 20 ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਵਿੱਚੋਂ ਅੱਧੀ ਦਰਜਨ ਅੰਤਰਰਾਜੀ ਨਾਕੇ ਸਨ ਜੋ ਕਿ ਪੰਜਾਬ ਤੇ ਹਰਿਆਣਾ ਦੀ ਹੱੱਦ ’ਤੇ ਪੈਂਦੇ ਖੇਤਰਾਂ ’ਚ ਲਗਾਏ ਗਏ। ਇਨ੍ਹਾਂ ਵਿੱਚੋਂ ਥਾਣਾ ਸਨੌਰ ਦੇ ਪਿੰਡ ਪੁਰਮੰਡੀ ਵਿੱਚ ਲੱਗੇ ਅੰਤਰਰਾਜੀ ਨਾਕੇ ਦੀ ਅਗਵਾਈ ਡੀਐੱਸਪੀ (ਰੂਰਲ) ਗੁਰਦੇਵ ਸਿੰਘ ਧਾਲੀਵਾਲ ਕਰ ਰਹੇ ਸਨ, ਜਿਨ੍ਹਾਂ ਦੇ ਨਾਲ ਸਨੌਰ ਥਾਣੇ ਦੇ ਮੁਖੀ ਇੰਸਪੈਕਟਰ ਅਮਰੀਕ ਸਿੰਘ ਵੀ ਮੌਜੂਦ ਰਹੇ। ਧਾਲੀਵਾਲ ਦੀ ਹੀ ਅਧੀਨਗੀ ’ਚ ਪੈਂਦੇ ਰੌਹੜ ਜਗੀਰ ਵਿੱਚ ਵੀ ਅੰਤਰਰਾਜੀ ਨਾਕਾ ਲੱਗਾ। ਬਾਕੀ ਅੰਤਰਰਾਜੀ ਨਾਕੇ ਸ਼ੰਭੂ, ਸਰਾਲਾ ਹੈੱਡ, ਢਾਬੀ ਗੁੱਜਰਾਂ ਤੇ ਬਾਦਸ਼ਾਹਪੁਰ ਸਮੇਤ ਚੀਕਾ ਰੋਡ ’ਤੇ ਸਥਿਤ ਧਰਮਹੇੜੀ ਆਦਿ ਖੇਤਰਾਂ ’ਚ ਲੱਗੇ।
ਬਾਕੀ ਨਾਕੇ ਧਰੇੜੀ ਜੱਟਾਂ ਟੌਲ ਪਲਾਜ਼ਾ, ਸਰਹਿੰਦ ਬਾਈਪਾਸ, ਚਹਿਲ ਪੈਲੇਸ, ਅਰਬਨ ਅਸਟੇਟ ਚੌਕ, ਪੁਲੀਸ ਲਾਈਨ ਚੌਕ, ਫੁਹਾਰਾ ਚੌਕ ਤੇ ਵੱਡੀ ਨਦੀ ਆਦਿ ਥਾਵਾਂ ’ਤੇ ਲਗਾਏ ਗਏ। ਇਨ੍ਹਾਂ ਨਾਕਿਆਂ ਦੀ ਜਿਥੇ ਐੱਸਐੱਸਪੀ ਦੀਪਕ ਪਾਰਿਕ ਖੁਦ ਨਿਗਰਾਨੀ ਕਰ ਰਹੇ ਸਨ, ਉੱਥੇ ਹੀ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਵੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ। ਸ਼ਹਿਰ ’ਚ ਡੀਐੱਸਪੀ ਜਸਵਿੰਦਰ ਟਿਵਾਣਾ ਨੇ ਵੀ ਆਪਣੇ ਅਧਿਕਾਰ ਖੇਤਰ ਵਾਲੇ ਨਾਕਿਆਂ ’ਤੇ ਪੂਰੀ ਚੌਕਸੀ ਰੱਖੀ। ਇਨ੍ਹਾਂ ਨਾਕਿਆਂ ਦੌਰਾਨ ਜਿੱਥੇ ਦਸਤਾਵੇਜ਼ਾਂ ਦੀ ਘਾਟ ਅਤੇ ਹੋਰ ਕਾਰਨਾਂ ਕਰ ਕੇ ਕਈ ਵਾਹਨਾਂ ਦੇ ਚਲਾਨ ਕੀਤੇ ਗਏ, ਉੱਥੇ ਹੀ ਕੁਝ ਵਾਹਨ ਜ਼ਬਤ ਵੀ ਕੀਤੇ ਗਏ। ਕੁਝ ਨਾਕਿਆਂ ’ਤੇ ਤਲਾਸ਼ੀ ਦੌਰਾਨ ਇਤਰਾਜ਼ਯੋਗ ਵਸਤਾਂ ਮਿਲਣ ਦੀਆਂ ਰਿਪੋਰਟਾਂ ਵੀ ਹਨ।
ਮਾਲੇਰਕੋਟਲਾ ’ਚ ਵੀ ਏਡੀਜੀਪੀ ਨੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਏਡੀਜੀਪੀ (ਕ੍ਰਾਈਮ ਤੇ ਪੀਬੀਆਈ) ਐੱਲ.ਕੇ. ਯਾਦਵ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਦੇ ਨਾਲ-ਨਾਲ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਲਗਾਏ ਗਏ 17 ਵਿਸ਼ੇਸ਼ ਨਾਕਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸਐੱਸਪੀ ਅਵਨੀਤ ਕੌਰ, ਐੱਸ.ਪੀ. (ਐੱਚ) ਕੁਲਦੀਪ ਸਿੰਘ ਸੋਹੀ, ਡੀਐੱਸਪੀ ਮਾਲੇਰਕੋਟਲਾ ਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ.( ਸਪੈਸ਼ਲ ਬ੍ਰਾਂਚ)ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।ਵਿਸ਼ੇਸ਼ ਨਾਕਿਆਂ ਦੀ ਚੈਕਿੰਗ ਕਰਨ ਉਪਰੰਤ ਏਡੀਜੀਪੀ ਯਾਦਵ ਨੇ ਜ਼ਿਲ੍ਹੇ ਦੇ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਪੁਲੀਸ ਵੱਲੋਂ ਸ਼ਾਮ 4 ਵਜੇ ਤੋਂ ਬਾਅਦ ਦੇਰ ਸ਼ਾਮ ਤੱਕ ਸੂਬੇ ਭਰ ਵਿੱਚ ਵਿਸ਼ੇਸ਼ ਨਾਕੇ ਲਗਾਉਣ ਅਤੇ ਇਨ੍ਹਾਂ ਦੀ ਚੈਕਿੰਗ ਕਰਨ ਦੀ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਹੋ ਸਕੇ ਅਤੇ ਗੈਂਗਸਟਰਾਂ, ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕਸਿੱਆ ਜਾ ਸਕੇ। ਜ਼ਿਲ੍ਹਾ ਪੁਲੀਸ ਮੁਖੀ ਨੇ ਏਡੀਜੀਪੀ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਡਰਮੁਕਤ ਮਾਹੌਲ ਪੈਦਾ ਕਰਨ ਲਈ ਅਜਿਹੇ ਨਾਕੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।