ਪੱਤਰ ਪ੍ਰੇਰਕ
ਰਾਜਪੁਰਾ, 3 ਸਤੰਬਰ
ਇੱਥੋਂ ਦੀ ਨਗਰ ਕੌਂਸਲ ਵੱਲੋਂ ਸ਼ਹਿਰੀ ਖੇਤਰ ਨੂੰ ਸਾਫ਼-ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਚਲਾਈ ਜਾ ਰਹੀ ‘ਮੇਰਾ ਸ਼ਹਿਰ ਮੇਰਾ ਮਾਣ’ ਤਹਿਤ ਵਾਰਡ ਨੰਬਰ 11 ਅਤੇ 12 ਵਿੱਚ ਗਿੱਲਾ ਅਤੇ ਸੁੱਕੇ ਕੂੜਾ ਵੱਖ-ਵੱਖ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਪੁੱਜੇ ਵਿਧਾਇਕ ਨੀਨਾ ਮਿੱਤਲ ਨੇ ਮੁਹਿੰਮ ਵਿੱਚ ਸਹਿਯੋਗ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਇਸ ਮੌਕੇ ਐੱਸ.ਡੀ.ਐੱਮ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਰਾਜਪੁਰਾ ਵੱਲੋਂ ਵਾਰਡਾਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਆਪਣੇ ਘਰਾਂ ਦੇ ਕੂੜੇ ਨੂੰ ਵੱਖ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕੂੜੇ ਦਾ ਨਿਪਟਾਰਾ ਵਿਗਿਆਨਕ ਢੰਗ ਨਾਲ ਕਰ ਕੇ ਕੂੜੇ ਦੇ ਲੱਗਦੇ ਵੱਡੇ-ਵੱਡੇ ਡੰਪਾਂ ਨੂੰ ਖਤਮ ਜਾ ਸਕੇ। ਇਸ ਮੌਕੇ ਸੀ.ਐੱਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਚਿਲਡਰਨ ਪਾਰਕ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕਾਰਜਸਾਧਕ ਅਧਿਕਾਰੀ ਸੰਗੀਤ ਕੁਮਾਰ, ਸੈਨੀਟਰੀ ਇੰਸਪੈਕਟਰ ਵਿਕਾਸ ਚੌਂਧਰੀ, ਗੁਰਲਾਲ ਸਿੰਘ ਸਮੇਤ ਹੋਰ ਮੌਜੂਦ ਸਨ।