ਖੇਤਰੀ ਪ੍ਰਤੀਨਿਧ
ਪਟਿਆਲਾ, 12 ਜਨਵਰੀ
ਇੱਥੋਂ ਦੇ ਵਰਧਮਾਨ ਹਸਪਤਾਲ ਦੇ ਮਾਲਕ ਅਤੇ ਸਮਾਜ ਸੇਵੀ ਡਾ. ਸੌਰਭ ਜੈਨ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਅਸਲ ’ਚ ਉਹ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਚਾਰ ਹਫ਼ਤੇ ਪਹਿਲਾਂ ‘ਆਪ’ ’ਚ ਸ਼ਾਮਲ ਹੋ ਗਏ ਸਨ ਪਰ ਬੜੀ ਜਲਦੀ ਹੀ ਉਨ੍ਹਾਂ ਨੇ ‘ਆਪ’ ਨਾਲੋਂ ਤੋੜ ਵਿਛੋੜਾ ਕਰ ਲਿਆ। ਇਸ ਸਬੰਧੀ ਤਰਕ ਦਿੱਤਾ ਜਾ ਰਿਹਾ ਹੈ ਕਿ ‘ਆਪ’ ਨੇ ਉਸ ਨੂੰ ਪਹਿਲਾਂ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਥੋਂ ਡਾ. ਬਲਬੀਰ ਸਿੰਘ ਨੂੰ ਟਿਕਟ ਦੇ ਦਿੱਤੀ, ਫਿਰ ਜਦੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਟਿਕਟ ਦੀ ਗੱਲ ਆਈ ਤਾਂ ‘ਆਪ’ ਦੇ ਦੋ ਆਗੂਆਂ ਨੇ ਉਸ ਕੋਲੋਂ ਬੜੇ ਹੀ ਤਰੀਕੇ ਨਾਲ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ। ਡਾ. ਸੌਰਭ ਦਾ ਕਹਿਣਾ ਹੈ ਕਿ ਭਾਵੇਂ ਇਹ ਪੈਸੇ ਉਧਾਰ ਮੰਗੇ ਗਏ ਸਨ ਪਰ ਇੱਕ ਤਰ੍ਹਾਂ ਨਾਲ ਇਹ ਟੇਢੇ ਢੰਗ ਨਾਲ ਕਥਿਤ ਰੂਪ ’ਚ ਟਿਕਟ ਵੇਚਣ ਦਾ ਹੀ ਇੱਕ ਜ਼ਰੀਆ ਹੈ। ਪਟਿਆਲਾ ਦਿਹਾਤੀ ਹਲਕੇ ਤੋਂ ਅਕਾਲੀ ਦਲ ਬਾਦਲ ਨੇ ਬਿੱਟੂ ਚੱਠਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਕਾਂਗਰਸ ਦੀ ਤਰਫੋਂ ਐਤਕੀਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਫਰਜ਼ੰਦ ਮੋਹਿਤ ਮਹਿੰਦਰਾ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ।