ਖੇਤਰੀ ਪ੍ਰਤੀਨਿਧ
ਪਟਿਆਲਾ, 3 ਸਤੰਬਰ
ਸ਼ਹਿਰ ’ਚ ਸੜਕਾਂ ਅਤੇ ਹੋਰ ਥਾਵਾਂ ’ਤੇ ਬੱਚਿਆਂ ਵੱਲੋਂ ਭੀਖ ਮੰਗਣ ਦੇ ਰੁਝਾਨ ਨੂੰ ਮੁਕੰਮਲ ਤੌਰ ’ਤੇ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਇੱਕ ਪ੍ਰਾਜੈਕਟ ਉਲੀਕਣ ਜਾ ਰਿਹਾ ਹੈ ਜਿਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇੱਥੇ ਹੋਈ ਇੱਕ ਮੀਟਿੰਗ ’ਚ ‘ਹਰ ਹਾਥ ਕਲਮ ਐਸੋਸੀਏਸ਼ਨ’ ਅਤੇ ‘ਪਲੇਵੇਜ ਸਕੂਲ’ ਨੇ ਇਸ ਮੁਹਿੰਮ ’ਚ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੜਕਾਂ ’ਤੇ ਭੀਖ ਮੰਗਦੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਉਣ ਲਈ ਉਨ੍ਹਾਂ ਨੂੰ ਸਿੱਖਿਅਤ ਕਰਨ ਅਤੇ ਹੁਨਰਮੰਦ ਬਣਾਉਣ ਦੀ ਤਜਵੀਜ਼ ਹੈ। ਇਸ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਸਬੰਧੀ ਸਬੰਧਤ ਸੰਸਥਾਵਾਂ ਨਾਲ ਜਲਦੀ ਹੀ ਐੱਮ.ਓ.ਯੂ. ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਸ਼ਹਿਰ ਦਾ ਲੀਲਾ ਭਵਨ ਚੌਕ ਲਿਆ ਜਾਵੇਗਾ, ਜਿੱਥੇ ਕੁਝ ਬੱਚੇ ਆਮ ਹੀ ਗੁਬਾਰੇ ਜਾਂ ਕੁਝ ਹੋਰ ਵਸਤਾਂ ਵੇਚਣ ਦੇ ਨਾਮ ’ਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ। ਇਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਇਨ੍ਹਾਂ ਬੱਚਿਆਂ ਨੂੰ ਸਿੱਖਿਅਤ ਅਤੇ ਹੁਨਰਮੰਦ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੋ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾ ਕੇ ‘ਹਰ ਹਾਥ ਕਲਮ’ ਦੇ ਕਬਾੜੀ ਮਾਰਕੀਟ ’ਚ ਚੱਲਦੇ ਸਕੂਲ ਵਿੱਚ ਦਾਖਲ ਵੀ ਕਰਵਾਇਆ ਹੈ। ਇਸ ਮੌਕੇ ‘ਹਰ ਹਾਥ ਕਲਮ’ ਦੇ ਨੁਮਾਇੰਦੇ ਹਰਸ਼ ਕੁਠਾਰੀ ਨੇ ਆਪਣੀ ਤਜਵੀਜ਼ ਡਿਪਟੀ ਕਮਿਸ਼ਨਰ ਨਾਲ ਸਾਂਝੀ ਕੀਤੀ ਜਦੋਂਕਿ ਪਲੇਵੇਜ਼ ਸਕੂਲ ਦੇ ਡਾਇਰੈਕਟਰ ਡਾ. ਰਾਜਦੀਪ ਸਿੰਘ ਤੇ ਪ੍ਰਿੰਸੀਪਲ ਰਕਸ਼ਾ ਵਰਮਾ ਨੇ ਵੀ ਸਹਿਯੋਗ ਦਾ ਭਰੋਸਾ ਦਿੱਤਾ। ਭੀਖ ਮੰਗਦੇ ਬੱਚਿਆਂ ਦੀ ਭਲਾਈ ਲਈ ‘ਮੇਰਾ ਬਚਪਨ ਪ੍ਰਾਜੈਕਟ’ ਤਹਿਤ ਇਕੱਠੇ ਕੀਤੇ ਪੈਸੇ ਵੀ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ।